ਚਾਹ ਵਾਲੇ ਦੇ ਪੁੱਤ ਨੇ ਪਾਸ ਕੀਤੀ GATE ਪ੍ਰੀਖਿਆ, IIT ਬਾਂਬੇ ''ਚ ਹਾਸਲ ਕੀਤੀ M.Tech ਲਈ ਸੀਟ

Tuesday, Jun 20, 2023 - 06:22 PM (IST)

ਚਾਹ ਵਾਲੇ ਦੇ ਪੁੱਤ ਨੇ ਪਾਸ ਕੀਤੀ GATE ਪ੍ਰੀਖਿਆ, IIT ਬਾਂਬੇ ''ਚ ਹਾਸਲ ਕੀਤੀ M.Tech ਲਈ ਸੀਟ

ਹਰਿਆਣਾ- ਹਰਿਆਣਾ ਦੇ ਹਿਮਾਂਸ਼ੂ ਹੁੱਡਾ ਨੇ M.Tech ਡਿਗਰੀ ਲਈ ਆਈ.ਆਈ.ਟੀ. ਬਾਂਬੇ 'ਚ ਸੀਟ ਹਾਸਲ ਕੀਤੀ ਹੈ। ਹਿਮਾਂਸ਼ੂ ਦੇ ਪਿਤਾ ਰੋਹਤਕ 'ਚ ਸੜਕ ਦੇ ਕਿਨਾਰੇ ਚਾਹ ਦੀ ਦੁਕਾਨ ਚਲਾਉਂਦੇ ਹਨ। ਗਰੈਜੂਏਟ ਐਪਟੀਟਿਊਡ ਟੈਸਟ ਇਨ ਇੰਜੀਨੀਅਰਿੰਗ (GATE) 'ਚ ਅਖਿਲ ਭਾਰਤੀ ਰੈਂਕ 205 ਹਾਸਲ ਕਰਨ ਵਾਲੇ ਹਿਮਾਂਸ਼ੂ ਨੂੰ ਤਿੰਨ ਦਿਨ ਪਹਿਲਾਂ ਕਾਊਂਸਲਿੰਗ ਪ੍ਰਕਿਰਿਆ ਤੋਂ ਬਾਅਦ ਆਈ.ਆਈ.ਐੱਸ.ਸੀ.-ਬੈਂਗਲੁਰੂ ਅਤੇ ਆਈ.ਆਈ.ਟੀ.-ਬਾਂਬੇ ਦੋਹਾਂ ਤੋਂ ਆਫ਼ਰ ਮਿਲਿਆ ਸੀ ਪਰ ਹਿਮਾਂਸ਼ੂ ਨੇ ਆਈ.ਆਈ.ਟੀ. ਬਾਂਬੇ ਨੂੰ ਚੁਣਿਆ। ਆਪਣੇ ਪਿਤਾ ਦੀ ਚਾਹ ਦੀ ਦੁਕਾਨ 'ਤੇ ਕੰਮ ਕਰਦੇ ਹੋਏ ਹਿਮਾਂਸ਼ੂ ਨੇ 2022 'ਚ ਫਰੀਦਾਬਾਦ ਤੋਂ ਬੀਟੈੱਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਐਮਟੇਕ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕੀਤੀ। ਹਿਮਾਂਸ਼ੂ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਉਹ ਕਦੇ ਵੀ ਚਾਹ ਦੀ ਦੁਕਾਨ 'ਤੇ ਹੱਥ ਵੰਡਾਉਣ ਤੋਂ ਸ਼ਰਮਾਉਂਦਾ ਨਹੀਂ ਸੀ।

ਜਦੋਂ ਗੇਟ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਹੋਇਆ, ਉਦੋਂ ਉਹ ਆਪਣੀ ਦੁਕਾਨ 'ਤੇ ਗਾਹਕਾਂ ਨੂੰ ਚਾਹ ਪਰੋਸ ਰਿਹਾ ਸੀ। ਹਿਮਾਂਸ਼ੂ ਨੇ ਮਹੇਂਦਰ ਮਾਡਲ ਸਕੂਲ ਤੋਂ ਰਸਾਇਣ ਵਿਗਿਆਨ ਅਤੇ ਗਣਿਤ 'ਚ 90 ਫੀਸਦੀ ਅੰਕ ਪ੍ਰਾਪਤ ਕੀਤੇ ਸਨ। ਹਾਲਾਂਕਿ ਉਹ ਜੇ.ਈ.ਈ. ਐਡਵਾਂਸ ਨੂੰ ਪਾਸ ਕਰਨ ਦੀ ਆਪਣੀ ਕੋਸ਼ਿਸ਼ 'ਚ ਅਸਫ਼ਲ ਰਿਹਾ, ਜਿਸ ਤੋਂ ਉਸ ਨੂੰ ਆਈ.ਆਈ.ਟੀ. 'ਚ ਗਰੈਜੂਏਸ਼ਨ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਉਸ ਨੇ ਆਪਣੇ ਸੁਫ਼ਨੇ ਨੂੰ ਨਹੀਂ ਛੱਡਿਆ ਅਤੇ ਮਿਹਨਤ ਕਰ ਕੇ ਇਹ ਮੁਕਾਮ ਹਾਸਲ ਕੀਤਾ ਹੈ। ਹਿਮਾਂਸ਼ੂ ਦੇ ਪਿਤਾ ਓਮ ਪ੍ਰਕਾਸ਼ ਹੁੱਡਾ ਕੋਲ ਭਾਵੇਂ ਹੀ ਬਹੁਤ ਜ਼ਿਆਦਾ ਪੈਸੇ ਨਹੀਂ ਹਨ ਪਰ ਉਹ ਆਪਣੇ ਪੁੱਤ ਦੇ ਸੁਫ਼ਨੇ ਪੂਰੇ ਕਰਨ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਨੇ ਹਿਮਾਂਸ਼ੂ ਦੇ ਪੜ੍ਹਾਈ ਲਈ ਪੈਸੇ ਖਰਚ ਕਰਨ ਤੋਂ ਕਦੇ ਮਨ੍ਹਾ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਪੁੱਤ ਦੀ ਸਿੱਖਿਆ ਲਈ 15 ਲੱਖ ਰੁਪਏ ਦਾ ਕਰਜ਼ ਲਿਆ ਹੈ ਪਰ ਇਸ ਨੂੰ ਉਹ ਬੋਝ ਨਹੀਂ ਮੰਨਦੇ ਹਨ, ਕਿਉਂਕਿ ਉਨ੍ਹਾਂ ਦੇ ਪੁੱਤ ਨੇ ਹੁਣ ਆਪਣੇ ਸੁਫ਼ਨੇ ਨੂੰ ਪੂਰਾ ਕਰ ਲਿਆ ਹੈ।


author

DIsha

Content Editor

Related News