ਚਾਹ ਵੇਚਣ ਵਾਲੇ ਨੇ ‘ਧੀ’ ਲਈ ਪਹਿਲੀ ਵਾਰ ਖਰੀਦਿਆ ਮੋਬਾਇਲ, ਵਾਜੇ-ਗਾਜੇ ਨਾਲ ਲਿਆਇਆ ਘਰ (ਵੀਡੀਓ)

Wednesday, Dec 22, 2021 - 11:33 AM (IST)

ਸ਼ਿਵਪੁਰੀ (ਮੱਧ ਪ੍ਰਦੇਸ਼)– ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਕਸਬੇ ਵਿਚ ਚਾਹ ਵੇਚਣ ਵਾਲੇ ਇਕ ਵਿਅਕਤੀ ਨੇ ਆਪਣੀ 5 ਸਾਲ ਦੀ ਧੀ ਦੀ ਖਾਹਿਸ਼ ਪੂਰੀ ਕਰਨ ਲਈ ਪਹਿਲੀ ਵਾਰ ਵਿਚ ਇਕ ਨਵਾਂ ਮੋਬਾਇਲ ਖਰੀਦਿਆ। ਉਹ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਵਾਜੇ-ਗਾਜੇ ਨਾਲ ਆਪਣੀ ਧੀ ਨੂੰ ਘੋੜਾ-ਗੱਡੀ ਵਿੱਚ ਬਿਠਾ ਕੇ ਨੱਚਦੇ-ਗਾਉਂਦੇ ਹੋਏ ਮੋਬਾਇਲ ਨੂੰ ਦੁਕਾਨ ਤੋਂ ਘਰ ਲੈ ਕੇ ਆਇਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। 

 

 

 

ਧੀ ਦੀ ਖਾਹਿਸ਼ ਪੂਰੀ ਕਰਨ ਲਈ EMI ’ਤੇ ਲਿਆ ਫੋਨ
ਚਾਹ ਬਣਾ ਕੇ ਵੇਚਣ ਵਾਲੇ ਵਿਅਕਤੀ ਦਾ ਨਾਮ ਮੁਰਾਰੀ ਕੁਸ਼ਵਾਹਾ ਹੈ ਅਤੇ ਉਹ ਸ਼ਿਵਪੁਰੀ ਸ਼ਹਿਰ ਦੇ ਨੀਲਗਰ ਚੌਰਾਹਾ ’ਤੇ ਚਾਹ ਵੇਚਦਾ ਹੈ। ਉਸਨੇ ਆਪਣੀ ਧੀ ਦੀ ਖਾਹਿਸ਼ ਪੂਰੀ ਕਰਨ ਲਈ ਸੋਮਵਾਰ ਦੀ ਸ਼ਾਮ ਇਹ ਮੋਬਾਇਲ ਫੋਨ 12,500 ਰੁਪਏ ’ਚ ਖਰੀਦਿਆ ਅਤੇ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਇਹ ਜਲੂਸ ਕੱਢਿਆ। ਮੁਰਾਰੀ ਨੇ ਦੱਸਿਆ, ‘ਮੇਰੇ ਘਰ ’ਚ ਪਹਿਲੀ ਵਾਰ ਮੋਬਾਇਲ ਫੋਨ ਆਇਆ ਤਾਂ ਦੁਕਾਨਦਾਰ ਦੀ ਦੁਕਾਨ ਤੋਂ ਢੋਲ-ਧਮਾਕੇ ਅਤੇ ਵਾਜੇ ਵਜਾਉਂਦੇ ਹੋਏ ਆਪਣੇ ਘਰ ਇਸਨੂੰ ਲੈ ਕੇ ਆਇਆ। ਇਸ ਜਲੂਸ ’ਚ ਇਕ ਬੱਗੀ ਵੀ ਸੀ, ਜਿਸ ਵਿਚ ਮੈਂ ਆਪਣੀ ਧੀ ਨੂੰ ਬਿਠਾ ਕੇ ਲਿਆਇਆ।’

 

ਘਰ ’ਚ ਦੋਸਤਾਂ ਨੂੰ ਦਿੱਤੀ ਪਾਰਟੀ
ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ‘ਮੈਂ ਆਪਣੇ ਦੋਸਤਾਂ ਨੂੰ ਘਰ ’ਚ ਪਾਰਟੀ ਵੀ ਦਿੱਤੀ।’ ਮੁਰਾਰੀ ਨੇ ਦੱਸਿਆ ਕਿ ਪੈਸੇ ਘੱਟ ਹੋਣ ਕਾਰਨ ਬੱਚੀ ਦੀ ਖਾਹਿਸ਼ ਪੂਰੀ ਕਰਨ ਲਈ ਮੋਬਾਇਲ ਫੋਨ ਨੂੰ ਈ.ਐੱਮ.ਆਈ. (ਕਿਸਤਾਂ ’ਤੇ) ਲਿਆ ਹੈ। ਉਨ੍ਹਾਂ ਦੱਸਿਆ, ‘ਮੇਰੀ 5 ਸਾਲ ਦੀ ਬੱਚੀ ਹੈ। ਉਹ ਮੈਨੂੰ ਦੋ ਸਾਲਾਂ ਤੋਂ ਬੋਲ ਰਹੀ ਸੀ ਕਿ ਪਾਪਾ ਤੁਸੀਂ ਸ਼ਰਾਬ ਬਹੁਤ ਪੀਂਦੇ ਹੋ। ਤੁਸੀਂ ਸ਼ਰਾਬ ਪੀਣਾ ਘੱਟ ਕਰ ਦਿਓ ਅਤੇ ਇਸ ਤੋਂ ਪੈਸੇ ਬਚਣਗੇ ਉਸਦਾ ਮੈਨੂੰ ਇਕ ਮੋਬਾਇਲ ਫੋਨ ਲਿਆ ਦੇਣਾ।’ ਮੁਰਾਰੀ ਨੇ ਕਿਹਾ, ‘ਮੈਂ ਬੱਚੀ ਨੂੰ ਕਿਹਾ ਸੀ, ਬੇਟੀ ਚਿੰਤਾ ਨਾ ਕਰ। ਅਸੀਂ ਅਜਿਹਾ ਮੋਬਾਇਲ ਫੋਨ ਲਿਆਵਾਂਗੇ ਕਿ ਪੂਰਾ ਸ਼ਹਿਰ ਵੇਖਦਾ ਰਹਿਣ ਜਾਵੇਗਾ।’ 


Rakesh

Content Editor

Related News