ਕਿਸ਼ਤਵਾੜ ’ਚ 400 ਫੁੱਟ ਡੂੰਘੀ ਖੱਡ ’ਚ ਡਿੱਗੀ ਸੂਮੋ, 8 ਦੀ ਮੌਤ

Wednesday, Aug 31, 2022 - 01:30 PM (IST)

ਕਿਸ਼ਤਵਾੜ ’ਚ 400 ਫੁੱਟ ਡੂੰਘੀ ਖੱਡ ’ਚ ਡਿੱਗੀ ਸੂਮੋ, 8 ਦੀ ਮੌਤ

ਕਿਸ਼ਤਵਾੜ/ਕਟੜਾ (ਅਜੇ)– ਕਿਸ਼ਤਵਾੜ ਦੀ ਛਾਤਰੂ ਸਬ-ਡਵੀਜ਼ਨ ਵਿਚ ਮੰਗਲਵਾਰ ਦੁਪਹਿਰ ਬਾਅਦ ਲਗਭਗ 3.15 ਵਜੇ ਇਕ ਟਾਟਾ ਸੂਮੋ ਡੂੰਘੀ ਖੱਡ ਵਿਚ ਜਾ ਡਿੱਗੀ, ਜਿਸ ਕਾਰਨ ਉਸ ’ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖਮੀ ਹੋ ਗਏ। ਉੱਥੇ ਹੀ, ਕਟੜਾ ’ਚ ਸਵਾਰੀਆਂ ਨਾਲ ਭਰੀ ਬੱਸ ਇਕ ਖੜ੍ਹੀ ਬੱਸ ਨਾਲ ਟਕਰਾ ਗਈ, ਜਿਸ ’ਚ ਇਕ ਸ਼ਰਧਾਲੂ ਬੱਚੇ ਦੀ ਮੌਤ ਹੋ ਗਈ ਅਤੇ 16 ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਚਿਨਗਾਮ-ਛਾਤਰੂ ਤੋਂ ਬੌਂਦਾ ਜਾ ਰਹੀ ਟਾਟਾ ਸੂਮੋ (ਨੰਬਰ ਜੇ. ਕੇ. 03ਬੀ-9117) ਜਦੋਂ ਬੌਂਦਾ ਨੇੜੇ ਪੁੱਜੀ ਤਾਂ 400 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ। ਖੱਡ ’ਚ ਡਿੱਗਦੇ ਸਮੇਂ ਸੂਮੋ ਨੇ ਕਈ ਪਲਟੀਆਂ ਖਾਧੀਆਂ, ਜਿਸ ਕਾਰਨ ਵਾਹਨ ਦੇ ਪਰਖੱਚੇ ਉੱਡ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐੱਸ. ਡੀ. ਐੱਮ. ਛਾਤਰੂ ਇੰਦਰਜੀਤ ਪਰਿਹਾਰ ਅਤੇ ਪੁਲਸ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਪੁਲਸ ਅਤੇ ਫੌਜ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ।

ਪਹਾੜੀ ਇਲਾਕਾ ਹੋਣ ਕਾਰਨ ਜਦੋਂ ਤੱਕ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ 7 ਜ਼ਖਮੀਆਂ ਦੀ ਮੌਤ ਹੋ ਚੁੱਕੀ ਸੀ, ਜਦਕਿ ਇਕ ਬੱਚੀ ਸਮੇਤ 4 ਲੋਕ ਜ਼ਖਮੀ ਸਨ, ਜਿਨ੍ਹਾਂ ਨੂੰ ਛਾਤਰੂ ਪੀ. ਐੱਚ. ਸੀ. ’ਚ ਮੁੱਢਲੀ ਸਹਾਇਤਾ ਤੋਂ ਬਾਅਦ ਕਿਸ਼ਤਵਾੜ ਦੇ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਗੰਭੀਰ ਜ਼ਖ਼ਮੀ ਬੱਚੀ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਓਧਰ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਲੈ ਕੇ ਵਾਪਸ ਜਾ ਰਹੀ ਬੱਸ ਕਟੜਾ ਤੋਂ ਕੁਝ ਦੂਰੀ ’ਤੇ ਕਡਮਾਲ ਇਲਾਕੇ ’ਚ ਡਰਾਈਵਰ ਦੇ ਬੱਸ ਤੋਂ ਕੰਟਰੋਲ ਗੁਆਉਣ ਕਾਰਨ ਸੜਕ ਕਿਨਾਰੇ ਖੜ੍ਹੀ ਇਕ ਬੱਸ ਨਾਲ ਟਕਰਾ ਗਈ। ਇਸ ਹਾਦਸੇ ’ਚ ਇਕ ਸ਼ਰਧਾਲੂ ਬੱਚੇ ਦੀ ਮੌਤ ਹੋ ਗਈ, ਜਦਕਿ 16 ਸ਼ਰਧਾਲੂ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਕਟੜਾ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ 4 ਜ਼ਖਮੀਆਂ ਨੂੰ ਜੰਮੂ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਦਕਿ ਬਾਕੀ ਸ਼ਰਧਾਲੂਆਂ ਦਾ ਇਲਾਜ ਕਟੜਾ ਮੈਡੀਕਲ ਸੈਂਟਰ ’ਚ ਚੱਲ ਰਿਹਾ ਹੈ। ਪੁਲਸ ਨੇ ਇਸ ਸਬੰਧ ’ਚ ਮਾਮਲਾ ਦਰਜ ਕਰ ਕੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਟਰੈਵਲ ਪੁਆਇੰਟ ਦੀ ਸਲੀਪਰ ਬੱਸ (ਨੰਬਰ ਐੱਚ. ਆਰ.38 ਜ਼ੈੱਡ-8175) ਸ਼ਰਧਾਲੂਆਂ ਨੂੰ ਲੈ ਕੇ ਕਟੜਾ ਤੋਂ ਦਿੱਲੀ ਵੱਲ ਜਾ ਰਹੀ ਸੀ। ਜਦੋਂ ਬੱਸ ਕਟੜਾ ਤੋਂ ਡੇਢ ਕਿਲੋਮੀਟਰ ਦੂਰ ਕਡਮਾਲ ਇਲਾਕੇ ’ਚ ਪਹੁੰਚੀ ਤਾਂ ਡਰਾਈਵਰ ਬੱਸ ’ਤੇ ਕਾਬੂ ਨਾ ਰੱਖ ਸਕਿਆ ਅਤੇ ਸੜਕ ਕਿਨਾਰੇ ਖੜ੍ਹੀ ਹਿਮਾਚਲ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ। ਇਸ ਹਾਦਸੇ ’ਚ 5 ਸਾਲਾ ਸ਼ੁਭਮ ਕੁਮਾਰ ਪੁੱਤਰ ਰਣਜੀਤ ਵਾਸੀ ਆਗਰਾ ਦੀ ਮੌਤ ਹੋ ਗਈ।


author

Rakesh

Content Editor

Related News