ਇਕ ਅਜਿਹਾ ਮੰਦਰ ਜਿੱਥੇ ਦੇਵੀ ਮਾਂ ਨੇ 6 ਵਾਰ ਫਾਂਸੀ ਤੋਂ ਬਚਾਇਆ ਸੀ ਭਗਤ

10/06/2019 5:33:18 PM

ਦੇਵਰੀਆ (ਵਾਰਤਾ)— ਪੂਰਬੀ ਉੱਤਰ-ਪ੍ਰਦੇਸ਼ ਦੇ ਦੇਵਰੀਆ ਤੋਂ ਕਰੀਬ 32 ਕਿਲੋਮੀਟਰ ਦੂਰ ਗੁਆਂਢੀ ਜ਼ਿਲਾ ਗੋਰਖਪੁਰ ਦੇ ਚੌਰੀਚੌਰਾ ਖੇਤਰ 'ਚ ਸਥਿਤ 'ਤਰਕੁਲਹਾ ਦੇਵੀ ਮੰਦਰ' ਆਜ਼ਾਦੀ ਦੀ ਲੜਾਈ ਦਾ ਗਵਾਹ ਹੈ। ਜਾਣਕਾਰ ਦੱਸਦੇ ਹਨ ਕਿ ਤਰਕੁਲਹਾ ਦੇਵੀ ਮੰਦਰ ਦਾ ਖੇਤਰ ਆਜ਼ਾਦੀ ਤੋਂ ਪਹਿਲਾਂ ਡੂਮਰੀਆ ਰਿਆਸਤ ਦੇ ਅਧੀਨ ਆਉਂਦਾ ਸੀ। ਦੱਸਿਆ ਜਾਂਦਾ ਹੈ ਕਿ ਇੱਥੋਂ ਹੋ ਕੇ ਗੋਰਰ ਨਦੀ ਵਹਿੰਦੀ ਸੀ ਅਤੇ ਇੱਥੇ ਇਕ ਤਰਕੁਲ ਦੇ ਦਰੱਖਤ ਹੇਠਾਂ ਦੋ ਪਿੰਡੀਆਂ ਸਨ। ਇਸੇ ਪਿੰਡ ਨੂੰ ਡੂਮਰੀ ਰਿਆਸਤ ਦੇ ਬਾਬੂ ਬੰਧੂ ਸਿੰਘ ਦੇਵੀ ਦੇ ਰੂਪ ਵਿਚ ਪੂਜਾ ਕਰਦੇ ਸਨ। ਬਾਬੂ ਬੰਧੂ ਸਿੰਘ ਆਪਣੇ ਰਾਜ ਘਰਾਣੇ ਦਾ ਤਿਆਗ ਕਰ ਕੇ ਉਸ ਸਮੇਂ ਸੰਘਣੇ ਜੰਗਲ 'ਚ ਆ ਕੇ ਦੇਵੀ ਦੀ ਪੂਜਾ ਕਰਨ ਲੱਗੇ। 

PunjabKesari


ਪ੍ਰਥਮ ਸੁਤੰਤਰਤਾ ਸੰਗਰਾਮ 1857 ਦੀ ਲੜਾਈ ਵਿਚ ਬਾਬੂ ਬੰਧੂ ਸਿੰਘ ਨੇ ਅੰਗਰੇਜ਼ਾਂ ਦੇ ਦੰਦ ਖੱਟੇ ਕਰ ਦਿੱਤੇ ਸਨ, ਜਿਸ ਕਾਰਨ ਅੰਗਰੇਜ਼ਾਂ ਉਨ੍ਹਾਂ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਣ ਲੱਗੇ। ਬਾਬੂ ਬੰਧੂ ਸਿੰਘ ਗੋਰਿੱਲਾ ਯੁੱਧ ਵਿਚ ਮਾਹਿਰ ਸਨ। ਕਿਹਾ ਜਾਂਦਾ ਹੈ ਕਿ ਆਜ਼ਾਦੀ ਲਈ ਤਾਂਘ ਬਾਬੂ ਬੰਧੂ ਸਿੰਘ ਅੰਦਰ ਇਸ ਕਦਰ ਸੀ ਕਿ ਉਹ ਅੰਗਰੇਜ਼ ਸਿਪਾਹੀਆਂ ਨੂੰ ਫੜ ਕੇ ਮੰਦਰ ਲਿਜਾ ਕੇ ਉਨ੍ਹਾਂ ਦੀ ਬਲੀ ਚੜ੍ਹਾ ਦਿੰਦੇ ਸਨ। ਜਦੋਂ ਅੰਗਰੇਜ਼ ਅਫਸਰਾਂ ਨੂੰ ਸੱਚਾਈ ਦਾ ਪਤਾ ਲੱਗਾ ਤਾਂ ਬੰਧੂ ਸਿੰਘ ਨੂੰ ਲੱਭਣ ਲੱਗੇ।

PunjabKesari
ਅੰਗਰੇਜ਼ ਅਫਸਰਾਂ ਨੇ ਇਕ ਮੁਖਬਰੀ (ਜਾਣਕਾਰ) 'ਤੇ ਉਨ੍ਹਾਂ ਨੂੰ ਫੜ ਲਿਆ ਸੀ ਅਤੇ 12 ਅਗਸਤ 1857 ਨੂੰ ਗੋਰਖਪੁਰ ਸ਼ਹਿਰ ਦੇ ਅਲੀਨਗਰ 'ਚ ਉਨ੍ਹਾਂ ਨੂੰ ਖੁੱਲ੍ਹੇਆਮ ਫਾਂਸੀ ਲਾ ਦਿੱਤੀ । ਦੱਸਿਆ ਜਾਂਦਾ ਹੈ ਕਿ ਅੰਗਰੇਜ਼ਾਂ ਨੇ 6 ਵਾਰ ਉਨ੍ਹਾਂ ਨੂੰ ਫਾਂਸੀ ਚੜ੍ਹਾਇਆ ਪਰ ਹਰ ਵਾਰ ਉਨ੍ਹਾਂ ਦੀ ਫਾਂਸੀ ਦਾ ਫੰਦਾ ਤਰਕੁਲਹਾ ਦੇਵੀ ਦੀ ਸ਼ਕਤੀ ਮਹਿਮਾ ਨਾਲ ਟੁੱਟ ਜਾਂਦਾ ਸੀ। ਵਾਰ-ਵਾਰ ਫਾਂਸੀ ਦਾ ਫੰਦਾ ਟੁੱਟਣ ਕਾਰਨ ਅੰਗਰੇਜ਼ ਬੌਖਲਾ ਗਏ। ਉਨ੍ਹਾਂ ਨੂੰ ਹੋਰ ਮਜ਼ਬੂਤ ਫੰਦੇ ਨਾਲ ਫਾਂਸੀ 'ਤੇ ਲਟਕਾ ਰਹੇ ਸਨ ਤਾਂ ਬੰਧੂ ਸਿੰਘ ਨੇ ਮਾਤਾ ਨੂੰ ਬੇਨਤੀ ਕੀਤੀ ਕਿ ਮਾਤਾ ਹੁਣ ਤੁਸੀਂ ਮੇਰਾ ਸਾਥ ਛੱਡ ਦਿਉ। ਇਸ ਵਾਰ ਅੰਗਰੇਜ਼ ਉਨ੍ਹਾਂ ਨੂੰ ਫਾਂਸੀ ਦੇਣ 'ਚ ਸਫਲ ਹੋ ਗਏ। 
ਬੰਧੂ ਸਿੰਘ ਦੇ ਫਾਂਸੀ 'ਤੇ ਲਟਕਦੇ ਹੀ ਜਿਸ ਤਰਕੁਲ ਦੇ ਦਰੱਖਤ ਹੇਠਾਂ ਮਾਤਾ ਦੀ ਪਿੰਡੀ ਸੀ, ਉਸ ਦਾ ਮੱਥਾ ਟੁੱਟ ਕੇ ਡਿੱਗ ਗਿਆ ਅਤੇ ਉਸ 'ਚੋਂ ਖੂਨ ਦੀ ਧਾਰਾ ਵਹਿਣ ਲੱਗੀ। ਇਸ ਤੋਂ ਬਾਅਦ ਮਾਤਾ ਦਾ ਨਾਂ ਤਰਕੁਲਹਾ ਦੇਵੀ ਦੇ ਰੂਪ ਵਿਚ ਪ੍ਰਸਿੱਧ ਹੋ ਗਿਆ। ਨਰਾਤਿਆਂ 'ਤੇ ਇੱਥੇ ਭਗਤਾਂ ਦੀ ਭਾਰੀ ਭੀੜ ਲੱਗਦੀ ਹੈ, ਜਿਸ ਵਿਚ ਦੇਸ਼ ਦੇ ਕਈ ਹਿੱਸਿਆਂ ਤੋਂ ਸ਼ਰਧਾਲੂ ਆਉਂਦੇ ਹਨ। ਮਾਨਤਾ ਹੈ ਕਿ ਜੋ ਵੀ ਭਗਤ ਇੱਥੇ ਸੱਚੇ ਦਿਲ ਨਾਲ ਮੰਨਤ ਮੰਗਦੇ ਹਨ, ਮਾਤਾ ਉਨ੍ਹਾਂ ਦੀਆਂ ਮੰਨਤਾਂ ਨੂੰ ਪੂਰੀ ਕਰਦੀ ਹੈ।


Tanu

Content Editor

Related News