ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਚੇਨਈ ਦੇ ਲੋਕਾਂ ਲਈ ਹੁਣ ਟ੍ਰੇਨ ''ਚ ਪਹੁੰਚੇਗਾ ਪਾਣੀ

06/22/2019 12:53:40 PM

ਚੇਨਈ—ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਚੇਨਈ ਦੇ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਕਿਹਾ ਹੈ ਕਿ ਵੇਲੋਰ ਜ਼ਿਲੇ ਦੇ ਜੋਲਾਰਪੇਟ ਤੋਂ ਇੱਕ ਕਰੋੜ ਲਿਟਰ ਪਾਣੀ ਵਿਸ਼ੇਸ਼ ਟ੍ਰੇਨ ਰਾਹੀਂ ਚੇਨਈ ਭੇਜਿਆ ਜਾਵੇਗਾ। ਟ੍ਰੇਨ ਦੁਆਰਾ ਪਾਣੀ ਦੀ ਪੂਰਤੀ ਦਾ ਇਹ ਕੰਮ 6 ਮਹੀਨਿਆਂ ਤੱਕ ਕੀਤਾ ਜਾਵੇਗਾ। ਇਸ ਦੇ ਲਈ 65 ਕਰੋੜ ਰੁਪਏ ਦੀ ਰਾਸ਼ੀ ਵੱਖਰੀ ਅਲਾਟ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਚੇਨਈ ਮੈਟਰੋਪੋਲੀਟਨ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਨੇ ਪਾਣੀ ਵੰਡ ਲਈ 158.42 ਕਰੋੜ ਰੁਪਏ ਅਲਾਟ ਕੀਤੇ ਹਨ।

ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਕਿਹਾ ਹੈ ਕਿ ਜਿੱਥੋ ਤੱਕ ਚੇਨਈ ਦਾ ਸਵਾਲ ਹੈ ਤਾਂ ਸਰਕਾਰ ਜਿੰਨੀ ਜਲਦੀ ਸੰਭਵ ਹੋ ਸਕੇ ਪਾਣੀ ਮੁਹੱਈਆ ਕਰਵਾ ਸਕਦੀ ਹੈ। ਪਾਣੀ ਦਾ ਭੰਡਾਰ ਵਧਾਉਣ ਲਈ ਪਾਣੀ ਯੂਨਿਟਾਂ ਦੀ ਮੁਰੰਮਤ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕਾ ਹੈ। ਸ਼ਹਿਰ 'ਚ ਮੈਟਰੋ ਵਾਟਰ ਵੱਲੋਂ 525 ਐੱਮ. ਐੱਲ. ਡੀ. ਤੱਕ ਪਾਣੀ ਦੀ ਪੂਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕੇਰਲ ਦੇ ਮੁੱਖ ਮੰਤਰੀ ਪੀ. ਵਿਜਯਨ ਨੇ ਪਾਣੀ ਦੀ ਸਮੱਸਿਆ ਸੰਬੰਧੀ ਮੁੱਦੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਲਈ ਸਹਿਯੋਗ ਵਧਾਉਣ ਲਈ ਬੇਨਤੀ ਕੀਤੀ ਹੈ।

ਮੁੱਖ ਮੰਤਰੀ ਪਲਾਨੀਸਵਾਮੀ ਨੇ ਗੁਆਂਢੀ ਸੂਬਿਆਂ 'ਤੇ ਸਹਿਯੋਗ ਨਾ ਦੇਣ ਦਾ ਦੋਸ਼ ਲਗਾਇਆ ਹੈ ਹਾਲਾਂਕਿ ਉਨ੍ਹਾਂ ਨੇ ਕੇਰਲ ਦੇ ਮੁੱਖ ਮੰਤਰੀ ਵੱਲੋਂ ਪਾਣੀ ਸਪਲਾਈ ਦੇ ਆਫਰ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕੇਰਲ ਨੇ ਸਿਰਫ ਇੱਕ ਵਾਰ 'ਚ 2 ਮਿਲੀਅਨ ਲਿਟਰ ਪਾਣੀ ਉਪਲੱਬਧ ਕਰਵਾਉਣ ਦਾ ਪ੍ਰਸਤਾਵ ਦਿੱਤਾ ਪਰ ਚੇਨਈ ਜਿਸ ਖਤਰਨਾਕ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਉਸ ਲਈ ਇਹ ਕਾਫੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਅਤੇ ਉਸ ਦੇ ਸਹਿਯੋਗੀ ਮੰਤਰੀਆਂ ਨੂੰ ਨਿੱਜੀ ਵਰਤੋਂ ਲਈ 2 ਟੈਂਕਰ ਪਾਣੀ ਹਰ ਰੋਜ਼ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਚੇਨਈ ਨੂੰ ਪਾਣੀ ਦੀ ਸਪਲਾਈ ਕਰਨ ਵਾਲੇ 4 ਸਰੋਵਰ ਸੁੱਕ ਗਏ ਹਨ। ਅਜਿਹੇ 'ਚ ਸ਼ਹਿਰ ਦੀ ਲਗਭਗ 40 ਲੱਖ ਤੋਂ ਜ਼ਿਆਦਾ ਆਬਾਦੀ ਲਈ ਸਿਰਫ ਇੱਕ ਆਸਰਾ ਹੁਣ ਸਿਰਫ ਸਰਕਾਰੀ ਪਾਣੀ ਟੈਂਕਰ ਹੀ ਹਨ। ਸ਼ਹਿਰ 'ਚ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਛੋਟੇ ਰੈਸਟੋਰੈਂਟ ਬੰਦ ਕਰ ਦਿੱਤੇ ਗਏ ਹਨ ਅਤੇ ਕੁਝ ਦਫਤਰਾਂ 'ਚ ਘਰੋਂ ਕੰਮ ਕਰਨ ਦਾ ਨਿਯਮ ਲਾਗੂ ਕਰ ਦਿੱਤਾ ਗਿਆ ਹੈ। ਨੌਬਤ ਇੱਥੋ ਤੱਕ ਆ ਗਈ ਹੈ ਕਿ ਪਾਣੀ ਬਚਾਉਣ ਲਈ ਸ਼ਹਿਰ ਦੇ ਮੈਟਰੋ ਸਿਸਟਮ ਨੇ ਆਪਣੇ ਸਟੇਸ਼ਨਾਂ 'ਤੇ ਏਅਰ ਕੰਡੀਸ਼ਨਿੰਗ ਦੀ ਵਰਤੋਂ 
ਕਰਨੀ ਵੀ ਬੰਦ ਕਰ ਦਿੱਤੀ ਹੈ। ਲੱਖਾਂ ਲੋਕ ਟੈਂਕਰਾਂ ਦੇ ਪਾਣੀ 'ਤੇ ਨਿਰਭਰ ਹਨ।


Iqbalkaur

Content Editor

Related News