ਤਾਮਿਲਨਾਡੂ ’ਚ ਟੱਕਰ ਤੋਂ ਪਹਿਲਾਂ ਟਰੇਨ ਨੇ ਬਦਲਿਆ ਸੀ ਟਰੈਕ, ਡਾਟਾ-ਲਾਗਰ ਵੀਡੀਓ ਤੋਂ ਲੱਗਾ ਪਤਾ

Saturday, Oct 12, 2024 - 10:30 PM (IST)

ਤਾਮਿਲਨਾਡੂ ’ਚ ਟੱਕਰ ਤੋਂ ਪਹਿਲਾਂ ਟਰੇਨ ਨੇ ਬਦਲਿਆ ਸੀ ਟਰੈਕ, ਡਾਟਾ-ਲਾਗਰ ਵੀਡੀਓ ਤੋਂ ਲੱਗਾ ਪਤਾ

ਨਵੀਂ ਦਿੱਲੀ, (ਭਾਸ਼ਾ)- ਚੇਨਈ ਦੇ ਨੇੜੇ ਇਕ ਯਾਤਰੀ ਟਰੇਨ ਦੇ ਖੜੀ ਮਾਲਗੱਡੀ ਨਾਲ ਟਕਰਾਉਣ ਤੋਂ ਇਕ ਦਿਨ ਬਾਅਦ ਮਾਹਿਰਾਂ ਅਤੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਡਾਟਾ-ਲਾਗਰ ਵੀਡੀਓ ਮੁਤਾਬਕ, ਮੈਸੂਰ-ਦਰਭੰਗਾ ਐਕਸਪ੍ਰੈੱਸ ਰੇਲਗੱਡੀ ਨੂੰ ਮੇਨ ਲਾਈਨ ਤੋਂ ਲੰਘਣ ਲਈ ਹਰੀ ਝੰਡੀ ਦਿੱਤੀ ਗਈ ਸੀ ਅਤੇ ਇਹ ਇਕ ਲੂਪ ਲਾਈਨ ’ਤੇ ਚਲੀ ਗਈ ਜਿਸ ’ਤੇ ਇਕ ਮਾਲ ਗੱਡੀ ਪਹਿਲਾਂ ਹੀ ਖੜੀ ਸੀ।

ਟਰੇਨ ਨੰਬਰ 12578, ਮੈਸੂਰ-ਦਰਭੰਗਾ ਬਾਗਮਤੀ ਐਕਸਪ੍ਰੈੱਸ, ਸ਼ੁੱਕਰਵਾਰ ਰਾਤ ਕਰੀਬ 8.30 ਵਜੇ ਤਾਮਿਲਨਾਡੂ ਦੇ ਚੇਨਈ ਰੇਲਵੇ ਡਵੀਜ਼ਨ ਦੇ ਕਾਵਰਾਪੇੱਟਈ ਰੇਲਵੇ ਸਟੇਸ਼ਨ ’ਤੇ ਖੜੀ ਮਾਲਗੱਡੀ ਨਾਲ ਟਕਰਾ ਗਈ, ਜਿਸ ਕਾਰਨ 9 ਯਾਤਰੀ ਜ਼ਖਮੀ ਹੋ ਗਏ। ਡਾਟਾ ਲਾਗਰ ਇਕ ਉਪਕਰਣ ਹੈ ਜੋ ਸਟੇਸ਼ਨ ਖੇਤਰ ਵਿਚ ਹੋਰ ਚੀਜ਼ਾਂ ਤੋਂ ਇਲਾਵਾ ਟਰੇਨਾਂ ਦੀਆਂ ਗਤੀਵਿਧੀਆਂ ਅਤੇ ਸਿਗਨਲ ਸਬੰਧੀ ਪਹਿਲੂਆਂ ਨੂੰ ਰਿਕਾਰਡ ਕਰਨ ਲਈ ਰੱਖਿਆ ਜਾਂਦਾ ਹੈ।

ਇਸ ਡਾਟਾ ਲਾਗਰ ਦੇ ‘ਯਾਰਡ-ਸਿਮੁਲੇਸ਼ਨ’ ਵੀਡੀਓ ਨੂੰ ਸ਼ਨੀਵਾਰ ਸਵੇਰ ਤੋਂ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦੇ ਵ੍ਹਟਸਐਪ ਸਮੂਹਾਂ ਵਿਚ ਪ੍ਰਸਾਰਿਤ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦਾ ਧਿਆਨ ਇਸ ਹਾਦਸੇ ਅਤੇ 2 ਜੂਨ, 2023 ਦੇ ਬਾਲਾਸੋਰ ਟਰੇਨ ਹਾਦਸੇ ਦਰਮਿਆਨ ਸਮਾਨਤਾ ’ਤੇ ਗਿਆ।

ਸੰਪਰਕ ਕਰਨ ’ਤੇ ਦੱਖਣੀ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ (ਸੀ. ਪੀ. ਆਰ. ਓ.) ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕਿਸੇ ਵੀਡੀਓ ਦੀ ਜਾਣਕਾਰੀ ਨਹੀਂ ਹੈ ਅਤੇ ਟੱਕਰ ਸਬੰਧੀ ਜਾਂਚ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਦੇਰ ਰਾਤ ਜਾਰੀ ਪ੍ਰੈੱਸ ਬਿਆਨ ’ਚ ਰੇਲਵੇ ਬੋਰਡ ਨੇ ਵੀ ਮੰਨਿਆ ਕਿ ਯਾਤਰੀ ਟਰੇਨ ਨੂੰ ਮੇਨ ਲਾਈਨ ਲਈ ਹਰੀ ਝੰਡੀ ਦੇ ਦਿੱਤੀ ਗਈ ਸੀ ਪਰ ਇਸ ਨੂੰ ਝਟਕਾ ਲੱਗਾ ਅਤੇ ਲੂਪ ਲਾਈਨ ’ਤੇ ਆ ਗਈ, ਜਿਸ ਕਾਰਨ ਇਹ ਮਾਲਗੱਡੀ ਨਾਲ ਟਕਰਾ ਗਈ। ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਬੋਰਡ ਨੇ ਸ਼ਨੀਵਾਰ ਨੂੰ ਕਿਹਾ ਕਿ ਰੇਲਵੇ ਸੁਰੱਖਿਆ ਕਮਿਸ਼ਨਰ ਵਿਸਤ੍ਰਿਤ ਜਾਂਚ ਕਰਨਗੇ ਕਿਉਂਕਿ ਉਨ੍ਹਾਂ ਨੇ ਸਵੇਰੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਸੀ।

ਦੱਖਣੀ ਰੇਲਵੇ ਦੇ ਆਲ ਇੰਡੀਆ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ (ਏ. ਆਈ. ਐੱਲ. ਆਰ. ਐੱਸ. ਏ.) ਦੇ ਪ੍ਰਧਾਨ ਆਰ. ਕੁਮਾਰਸੇਨ ਨੇ ਕਿਹਾ ਕਿ ਇਹ ਟੱਕਰ 2 ਜੂਨ, 2023 ਨੂੰ ਬਾਲਾਸੋਰ ਟਰੇਨ ਹਾਦਸੇ ਨਾਲ ਮਿਲਦੀ-ਜੁਲਦੀ ਹੈ। ਰੇਲਵੇ ਨੂੰ ਸਿਗਨਲ ਪ੍ਰਣਾਲੀ ਵਿਚ ਕਮੀਆਂ ਨੂੰ ਦੂਰ ਕਰਨ ਲਈ ਗੰਭੀਰਤਾ ਦਿਖਾਉਣੀ ਚਾਹੀਦੀ ਹੈ।


author

Rakesh

Content Editor

Related News