ਤਾਮਿਲਨਾਡੂ ਵਿਧਾਨ ਸਭਾ ’ਚ ਰਾਜਪਾਲ ਨੇ ਨਹੀਂ ਪੜ੍ਹਿਆ ਭਾਸ਼ਣ, ਸਟਾਲਿਨ ਨੇ ‘ਵਾਕਆਊਟ’ ਨੂੰ ਮੰਦਭਾਗਾ ਦੱਸਿਆ

Tuesday, Jan 20, 2026 - 11:02 PM (IST)

ਤਾਮਿਲਨਾਡੂ ਵਿਧਾਨ ਸਭਾ ’ਚ ਰਾਜਪਾਲ ਨੇ ਨਹੀਂ ਪੜ੍ਹਿਆ ਭਾਸ਼ਣ, ਸਟਾਲਿਨ ਨੇ ‘ਵਾਕਆਊਟ’ ਨੂੰ ਮੰਦਭਾਗਾ ਦੱਸਿਆ

ਚੇਨਈ, (ਭਾਸ਼ਾ)– ਤਾਮਿਲਨਾਡੂ ਦੇ ਰਾਜਪਾਲ ਆਰ. ਐੱਨ. ਰਵੀ ਸੂਬਾ ਵਿਧਾਨ ਸਭਾ ਵਿਚ ਸਾਲ ਦੇ ਪਹਿਲੇ ਸੈਸ਼ਨ ਦੌਰਾਨ ਮੰਗਲਵਾਰ ਨੂੰ ਆਪਣਾ ਰਵਾਇਤੀ ਭਾਸ਼ਣ ਪੜ੍ਹੇ ਬਿਨਾਂ ਹੀ ਸਦਨ ’ਚੋਂ ਬਾਹਰ ਚਲੇ ਗਏ। ਉਨ੍ਹਾਂ ਡੀ. ਐੱਮ. ਕੇ. ਸਰਕਾਰ ਵੱਲੋਂ ਤਿਆਰ ਕੀਤੇ ਗਏ ਭਾਸ਼ਣ ਵਿਚ ਕਥਿਤ ਤੌਰ ’ਤੇ ‘ਗੁੰਮਰਾਹਕੁੰਨ ਦਾਅਵੇ’ ਕੀਤੇ ਜਾਣ ਕਾਰਨ ਅਜਿਹਾ ਕੀਤਾ। ਰਵੀ ਦੇ 2021 ਵਿਚ ਰਾਜਪਾਲ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਚੌਥਾ ਵਾਕਆਊਟ ਹੈ।

ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਰਾਜਪਾਲ ਦੇ ਇਸ ਕਦਮ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਉੱਚ ਅਹੁਦੇ ਦੀ ਮਰਿਆਦਾ ਦੇ ਅਨੁਕੂਲ ਨਹੀਂ ਹੈ ਅਤੇ ਸਦਨ ਦਾ ਅਪਮਾਨ ਹੈ।

ਉਨ੍ਹਾਂ ਕਿਹਾ, “ਰਾਜਪਾਲ ਨੇ ਨਿਯਮਾਂ, ਪ੍ਰੰਪਰਾ ਤੇ ਮਰਿਆਦਾ ਦੀ ਉਲੰਘਣਾ ਕਰ ਕੇ ਇਹ ਵਾਕਆਊਟ ਕੀਤਾ ਹੈ, ਜੋ ਕਿ ਪ੍ਰਵਾਨਯੋਗ ਨਹੀਂ ਹੈ।”

ਸਟਾਲਿਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਵਿਧਾਨ ਵਿਚ ਸੋਧ ਕਰ ਕੇ ਸਾਲ ਦੀ ਸ਼ੁਰੂਆਤ ਵਿਚ ਰਾਜਪਾਲ ਵੱਲੋਂ ਭਾਸ਼ਣ ਦੇਣ ਦੀ ਵਿਵਸਥਾ ਨੂੰ ਹਟਾਉਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਵਿਧਾਨ ਸਭਾ ਵਿਚ ਇਕ ਮਤਾ ਪੇਸ਼ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਸਿਰਫ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਭਾਸ਼ਣ ਹੀ ਅਧਿਕਾਰਤ ਰਿਕਾਰਡ ਵਿਚ ਜਾਵੇਗਾ।


author

Rakesh

Content Editor

Related News