ਤਾਮਿਲਨਾਡੂ ਭਾਜਪਾ ਦੇ ਪ੍ਰਧਾਨ ਨੇ ਖ਼ੁਦ ਨੂੰ ਮਾਰੇ ਕੋੜੇ, ਜਾਣੋ ਕੀ ਹੈ ਵਜ੍ਹਾ
Saturday, Dec 28, 2024 - 03:13 PM (IST)
ਚੇਨਈ- ਅੰਨਾ ਯੂਨੀਵਰਸਿਟੀ, ਚੇਨਈ ’ਚ ਇੰਜੀਨੀਅਰਿੰਗ ਦੀ ਇਕ ਵਿਦਿਆਰਥਣ ਨਾਲ ਜਬਰ-ਜ਼ਨਾਹ ਦੇ ਮਾਮਲੇ ’ਚ ਪੁਲਸ ਨੇ ਪੀੜਤਾ ਦੀ ਪਛਾਣ ਜਨਤਕ ਕਰ ਦਿੱਤੀ ਹੈ। ਚੇਨਈ ਦੇ ਪੁਲਸ ਕਮਿਸ਼ਨਰ ਏ. ਅਰੁਣ ਨੇ ਕਿਹਾ ਕਿ FIR ਨੂੰ ਆਈ. ਪੀ. ਸੀ. ਤੋਂ ਬੀ. ਐੱਨ. ਐੱਸ. ’ਚ ਬਦਲਦੇ ਸਮੇਂ ਤਕਨੀਕੀ ਗੜਬੜ ਕਾਰਨ ਇਹ ਗਲਤੀ ਹੋਈ ਹੈ। ਇਸ ਕੁਤਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਜਲਦੀ ਹੀ ਕੇਸ ਦਰਜ ਕੀਤਾ ਜਾਵੇਗਾ।
ਦੂਜੇ ਪਾਸੇ ਭਾਜਪਾ ਦੀ ਤਾਮਿਲਨਾਡੂ ਇਕਾਈ ਦੇ ਮੁਖੀ ਕੇ. ਅੰਨਾਮਲਾਈ ਨੇ ਸਥਾਨਕ ਪੁਲਸ ਦੇ ਰਵੱਈਏ ਨੂੰ ਲੈ ਕੇ ਆਪਣੇ ਆਪ ਨੂੰ ਕੋੜੇ ਮਾਰੇ। ਹਰੇ ਰੰਗ ਦੀ ਧੋਤੀ ਪਹਿਨੇ ਅੰਨਾਮਲਾਈ ਨੇ ਆਪਣੀ ਰਿਹਾਇਸ਼ ਦੇ ਸਾਹਮਣੇ ਆਪਣੀ ਪਾਰਟੀ ਦੇ ਇਕ ਵਰਕਰ ਕੋਲੋਂ ਕੋੜਾ ਲਿਆ ਅਤੇ ਆਪਣੇ ਆਪ ਨੂੰ ਕਈ ਵਾਰ ਮਾਰਿਆ। ਇਸ ਦੌਰਾਨ ਭਾਜਪਾ ਵਰਕਰ ਉਨ੍ਹਾਂ ਦੇ ਆਲੇ-ਦੁਆਲੇ ਖੜ੍ਹੇ ਸਨ। ਉਨ੍ਹਾਂ ਵਿਦਿਆਰਥਣ ਦੀ ਸ਼ਿਕਾਇਤ ਨਾਲ ਸਬੰਧਤ FIR ਨੂੰ ਕਥਿਤ ਤੌਰ ’ਤੇ ਲੀਕ ਕਰਨ ਲਈ ਪੁਲਸ ਦੀ ਨਿੰਦਾ ਕਰਨ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਅੰਨਾਮਲਾਈ ਨੇ ਪੁਲਸ ’ਤੇ ਉਕਤ ਵਿਦਿਆਰਥਣ ਦੀ ਪਛਾਣ ਜਾਣਬੁੱਝ ਕੇ ਜਨਤਕ ਕਰਨ ਦਾ ਦੋਸ਼ ਲਾਇਆ।
ਦੂਜੇ ਪਾਸੇ ਡੀ. ਐੱਮ. ਕੇ. ਦੇ ਜਥੇਬੰਦਕ ਸਕੱਤਰ ਆਰ. ਐੱਸ. ਭਾਰਤੀ ਨੇ ਅੰਨਾਮਲਾਈ ਦੇ ਐਕਸ਼ਨ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ ਵਿਰੋਧ ਮਜ਼ਾਕ ਬਣ ਗਿਆ ਹੈ। ਭਾਰਤੀ ਨੇ ਚੇਨਈ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਭਾਜਪਾ ਇਸ ਕੋੜੇ ਮਾਰਨ ਵਾਲੇ ਅੰਦੋਲਨ ਨੂੰ ਪਰਵਾਨ ਕਰੇਗੀ। ਉਨ੍ਹਾਂ ਮਜ਼ਾਕ ਵਿਚ ਕਿਹਾ ਕਿ ਸ਼ਾਇਦ ਕਿਸੇ ਜੋਤਸ਼ੀ ਨੇ ਅੰਨਾਮਲਾਈ ਨੂੰ ‘ਭਾਜਪਾ ਵਿਚ ਉੱਚਾ ਅਹੁਦਾ ਹਾਸਲ ਕਰਨ ਲਈ’ ਇਹ ਉਪਾਅ ਕਰਨ ਲਈ ਕਿਹਾ ਹੋਵੇਗਾ।