ਅਫਗਾਨਿਸਤਾਨ ’ਚ ਤਾਲਿਬਾਨ ਨੇ ਹਟਾਇਆ ਗੁਰਦੁਆਰੇ ਤੋਂ ਨਿਸ਼ਾਨ ਸਾਹਿਬ, ਭਾਰਤ ਨੇ ਕੀਤੀ ਨਿੰਦਾ

Saturday, Aug 07, 2021 - 12:13 PM (IST)

ਅਫਗਾਨਿਸਤਾਨ ’ਚ ਤਾਲਿਬਾਨ ਨੇ ਹਟਾਇਆ ਗੁਰਦੁਆਰੇ ਤੋਂ ਨਿਸ਼ਾਨ ਸਾਹਿਬ, ਭਾਰਤ ਨੇ ਕੀਤੀ ਨਿੰਦਾ

ਨਵੀਂ ਦਿੱਲੀ : ਭਾਰਤ ਨੇ ਅਫਗਾਨਿਸਤਾਨ ਦੇ ਪਕਤੀਆ ਸੂਬੇ ਵਿਚ ਇਕ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਸਿੱਖ ਧਾਰਮਿਕ ਝੰਡੇ ਨੂੰ ਕਥਿਤ ਤੌਰ ’ਤੇ ਹਟਾਉਣ ਦੀ ਨਿੰਦਾ ਕੀਤੀ ਹੈ। ਸਰਕਾਰੀ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦਾ ਦ੍ਰਿੜ੍ਹ ਵਿਸ਼ਵਾਸ ਰਿਹਾ ਹੈ ਕਿ ਅਫਗਾਨਿਸਤਾਨ ਦਾ ਭਵਿੱਖ ਅਜਿਹਾ ਹੋਣਾ ਚਾਹੀਦਾ ਹੈ, ਜਿੱਥੇ ਘੱਟ ਗਿਣਤੀ ਭਾਈਚਾਰਿਆਂ ਅਤੇ ਬੀਬੀਆਂ ਸਮੇਤ ਅਫਗਾਨ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦੀ ਰੱਖਿਆ ਹੋਵੇ।

ਇਕ ਸੂਤਰ ਨੇ ਕਿਹਾ, ‘ਅਸੀਂ ਅਫਗਾਨਿਸਤਾਨ ਦੇ ਪਕਤੀਆ ਸੂਬੇ ਵਿਚ ਗੁਰਦੁਆਰਾ ਥਾਲਾ ਸਾਹਿਬ, ਚਮਕਨੀ ਦੀ ਛੱਤ ਤੋਂ ਸਿੱਖ ਧਾਰਮਿਕ ਝੰਡਾ ਨਿਸ਼ਾਨ ਸਾਹਿਬ ਨੂੰ ਹਟਾਏ ਜਾਣ ਦੇ ਬਾਰੇ ਵਿਚ ਮੀਡੀਆ ਰਿਪੋਰਟ ਦੇਖੀ ਹੈ। ਸੂਤਰਾਂ ਨੇ ਕਿਹਾ, ‘ਭਾਰਤ ਇਸ ਦੀ ਨਿੰਦਾ ਕਰਦਾ ਹੈ ਅਤੇ ਦੇਸ਼ ਦੇ ਦ੍ਰਿੜ੍ਹ ਵਿਸ਼ਵਾਸ ਨੂੰ ਦੁਹਰਾਉਂਦਾ ਹੈ ਕਿ ਅਫਗਾਨਿਸਤਾਨ ਦਾ ਭਵਿੱਖ ਅਜਿਹਾ ਹੋਣਾ ਚਾਹੀਦਾ ਹੈ, ਜਿੱਥੇ ਘੱਟ ਗਿਣਤੀ ਭਾਈਚਾਰਿਆਂ ਅਤੇ ਬੀਬੀਆਂ ਸਮੇਤ ਅਫਗਾਨ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਏ।’

ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਵੱਲੋਂ 1 ਮਈ ਤੋਂ ਵਾਪਸੀ ਸ਼ੁਰੂ ਕਰਨ ਦੇ ਬਾਅਦ ਤੋਂ ਤਾਲਿਬਾਨ ਵਿਆਪਕ ਹਿੰਸਾ ਦਾ ਸਹਾਰਾ ਲੈ ਕੇ ਪੂਰੇ ਦੇਸ਼ ਵਿਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅਮਰੀਕਾ ਪਹਿਲਾਂ ਹੀ ਆਪਣੀਆਂ ਜ਼ਿਆਦਾਤਰ ਸੁਰੱਖਿਆ ਫੋਰਸਾਂ ਨੂੰ ਵਾਪਸ ਸੱਦ ਚੁੱਕਾ ਹੈ ਅਤੇ 31 ਅਗਸਤ ਤੱਕ ਸਾਰੇ ਫ਼ੌਜੀਆਂ ਨੂੰ ਵਾਪਸ ਸੱਦਣ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਚਾਹੁੰਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਭਾਰਤ ਅਫਗਾਨਿਸਤਾਨ ਵਿਚ ਵਿਕਸਿਤ ਹੋ ਰਹੀ ਸੁਰੱਖਿਆ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਿਹਾ ਹੈ ਅਤੇ ਉਹ ਤੁਰੰਤ ਅਤੇ ਵਿਆਪਕ ਜੰਗਬੰਦੀ ਦੀ ਮੰਗ ਕਰਦਾ ਰਿਹਾ ਹੈ।
 


author

cherry

Content Editor

Related News