ਰਾਸ਼ਟਰਪਤੀ ਵੱਲੋਂ ਸਨਮਾਨਤ ਮਹਿਲਾ ਕਾਂਸਟੇਬਲ ਨਾਲ ਟਰੇਨ ''ਚ ਛੇੜਛਾੜ
Saturday, Jan 27, 2018 - 01:30 PM (IST)
ਨਵੀਂ ਦਿੱਲੀ— ਦੇਸ਼ ਦੇ 69ਵੇਂ ਗਣਤੰਤਰ ਦਿਵਸ 'ਤੇ ਜਿੱਥੇ ਇਕ ਪਾਸੇ ਨਾਰੀ ਸ਼ਕਤੀ ਦੇਖਣ ਨੂੰ ਮਿਲੀ, ਉੱਥੇ ਹੀ ਦੂਜੇ ਪਾਸੇ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਤ ਮਹਿਲਾ ਕਾਂਸਟੇਬਲ ਨੂੰ ਛੇੜਛਾੜ ਦਾ ਸਾਹਮਣਾ ਕਰਨਾ ਪਿਆ। ਗਰੀਬਾਂ ਦੀ ਮਸੀਹਾ ਨਾਲ ਮਸ਼ਹੂਰ ਦੁਰਗ ਦੀ ਸਿਪਾਹੀ ਸਮਿਤਾ ਤਾਂਡੀ ਨਾਲ ਟਰੇਨ 'ਚ ਇਕ ਅਸਿਸਟੈਂਟ ਪ੍ਰੋਫੈਸਰ ਨੇ ਬਦਤਮੀਜੀ ਅਤੇ ਛੇੜਛਾੜ ਕੀਤੀ। ਸਮਿਤਾ ਨੇ ਟਵੀਟ ਰਾਹੀਂ ਆਰ.ਪੀ.ਐੱਫ. ਤੋਂ ਮਦਦ ਮੰਗੀ, ਜਿਸ ਤੋਂ ਬਾਅਦ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਜਾਣਕਾਰੀ ਅਨੁਸਾਰ ਛੇੜਛਾੜ ਕਰਨ ਵਾਲਾ ਇਕ ਅਸਿਸਟੈਂਟ ਪ੍ਰੋਫੈਸਰ ਹੈ, ਉਹ ਉਸੇ ਗੱਡੀ 'ਚ ਸਵਾਰ ਸੀ, ਜਿਸ 'ਚ ਸਮਿਤਾ ਸੀ। ਜਿਵੇਂ ਹੀ ਟਰੇਨ ਚੱਲਣੀ ਸ਼ੁਰੂ ਹੋਈ, ਦੋਸ਼ੀ ਨੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਸ਼ੁਰੂਆਤ 'ਚ ਤਾਂ ਸਮਿਤਾ ਨੇ ਉਸ ਨੂੰ ਨਜ਼ਰਅੰਦਾਜ ਕੀਤਾ ਪਰ ਜਦੋਂ ਦੋਸ਼ੀ ਦੀਆਂ ਹਰਕਤਾਂ ਵਧ ਗਈਆਂ ਤਾਂ ਉਸ ਨੇ ਟਵੀਟ ਕਰ ਕੇ ਮਦਦ ਮੰਗੀ। ਆਪਣੇ ਟਵੀਟ ਰਾਹੀਂ ਉਸ ਨੇ ਛੇੜਛਾੜ ਦੀ ਘਟਨਾ ਦਾ ਪੂਰਾ ਵੇਰਵਾ ਦਿੱਤਾ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਇਸ ਸਮੇਂ ਟਰੇਨ ਕਿੱਥੇ ਹੈ ਅਤੇ ਕਿੱਥੇ ਪੁੱਜਣ ਵਾਲੀ ਹੈ। ਸਮਿਤਾ ਦੇ ਟਵੀਟ ਨੂੰ ਆਰ.ਪੀ.ਐੱਫ. ਨੇ ਬੇਹੱਦ ਹੀ ਗੰਭੀਰਤਾ ਨਾਲ ਲਿਆ। ਜਿਵੇਂ ਹੀ ਟਰੇਨ ਭਾਟਾਪਾਰਾ ਪੁੱਜੀ ਆਰ.ਪੀ.ਐੱਫ. ਦੀ ਟੀਮ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ। ਹਾਲਾਂਕਿ ਉਸ ਦੇ ਗਿੜਗਿੜਾਉਣ ਤੋਂ ਬਾਅਦ ਸਮਿਤਾ ਨੇ ਐੱਫ.ਆਈ.ਆਰ. ਦਰਜ ਨਹੀਂ ਕਰਵਾਈ।
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਰਾਹੀਂ ਗਰੀਬ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਪੁਲਸ ਸਿਪਾਹੀ ਸਮਿਤਾ ਤਾਂਡੀ ਨੂੰ 2 ਸਾਲ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸਨਮਾਨਤ ਕੀਤਾ ਸੀ। ਉਹ ਛੱਤੀਸਗੜ੍ਹ ਪੁਲਸ 'ਚ ਤਾਇਨਾਤ ਹੈ। ਉਹ ਜੀਵਨਦੀਪ ਸਮੂਹ ਬਣਾ ਕੇ ਲੋੜਵੰਦਾਂ ਨੂੰ ਇਲਾਜ ਉਪਲੱਬਧ ਕਰਵਾਉਣ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਸਮਿਤਾ ਦੇ 7 ਲੱਖ ਤੋਂ ਵਧ ਫੇਸਬੁੱਕ 'ਤੇ ਫੋਲੋਅਰਜ਼ ਹਨ। ਉਹ ਫੇਸਬੁੱਕ ਰਾਹੀਂ ਹੀ ਲੋਕਾਂ ਦੀ ਮਦਦ ਕਰਦੀ ਹੈ।
