ਪੈਗੰਬਰ ਟਿੱਪਣੀ ਮਾਮਲਾ: BJP ਵਿਧਾਇਕ ਟੀ. ਰਾਜਾ ਨੂੰ ਰਾਹਤ, ਕੋਰਟ ਨੇ ਰਿਹਾਅ ਕਰਨ ਦੇ ਦਿੱਤੇ ਨਿਰਦੇਸ਼
Wednesday, Aug 24, 2022 - 10:51 AM (IST)
ਹੈਦਰਾਬਾਦ/ਦਿੱਲੀ- ਹੈਦਰਾਬਾਦ ’ਚ ਪੈਗੰਬਰ ਮੁਹੰਮਦ ਬਾਰੇ ਵਾਦ-ਵਿਵਾਦ ਵਾਲੀ ਟਿੱਪਣੀ ਕਰਨ ਦੇ ਮਾਮਲੇ ’ਚ ਭਾਜਪਾ ਵਿਧਾਇਕ ਟੀ. ਰਾਜਾ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਾਣਕਾਰੀ ਅਨੁਸਾਰ ਟੀ. ਰਾਜਾ ਨੂੰ ਮੈਜਿਸਟ੍ਰੇਟ ਕੋਰਟ ਤੋਂ ਰਾਹਤ ਮਿਲੀ ਹੈ। ਓਧਰ ਟੀ. ਰਾਜਾ ਨੂੰ ਭਾਜਪਾ ਨੇ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ।
ਅਦਾਲਤ ਨੇ ਪਹਿਲਾਂ ਭਾਜਪਾ ਆਗੂ ਨੂੰ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ ਸੀ ਪਰ ਬਾਅਦ ਵਿਚ ਰਿਮਾਂਡ ਦਾ ਹੁਕਮ ਵਾਪਸ ਲੈਂਦਿਆਂ ਉਸ ਨੂੰ ਜ਼ਮਾਨਤ ਦੇ ਦਿੱਤੀ। ਪੁਲਸ ਨੇ ਟੀ. ਰਾਜਾ ਸਿੰਘ ਨੂੰ ਹੈਦਰਾਬਾਦ ਦੀ ਨਾਮਪੱਲੀ ਅਦਾਲਤ ਵਿਚ ਪੇਸ਼ ਕੀਤਾ ਸੀ। ਸੈਂਕੜੇ ਪ੍ਰਦਰਸ਼ਨਕਾਰੀ ਮੰਗਲਵਾਰ ਦੇਰ ਰਾਤ ਸੜਕਾਂ ’ਤੇ ਉਤਰ ਆਏ। ਉਨ੍ਹਾਂ ਨੇ ਪੈਗੰਬਰ ਮੁਹੰਮਦ ਖ਼ਿਲਾਫ ਟਿੱਪਣੀ ਨੂੰ ਲੈ ਕੇ ਮੁਅੱਤਲ ਭਾਜਪਾ ਨੇਤਾ ਰਾਜਾ ਖ਼ਿਲਾਫ ਨਾਅਰੇਬਾਜ਼ੀ ਕੀਤੀ। ਕੁਝ ਪ੍ਰਦਰਸ਼ਨਕਾਰੀਆਂ ਨੇ ਕਾਲੇ ਝੰਡਿਆਂ ਨਾਲ ਵੇਖਿਆ ਗਿਆ।
ਦੋਸ਼ ਹੈ ਕਿ ਟੀ. ਰਾਜਾ ਨੇ ਪੈਗੰਬਰ ਮੁਹੰਮਦ ਲਈ ਕਥਿਤ ਤੌਰ ’ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਇਕ ਵੀਡੀਓ ਜਾਰੀ ਕੀਤਾ ਸੀ। ਬਾਅਦ ਵਿਚ ਉਕਤ ਵਿਵਾਦਿਤ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ। ਇਸ ਬਿਆਨ ਤੋਂ ਬਾਅਦ ਵੱਡੀ ਗਿਣਤੀ ’ਚ ਲੋਕ ਉਸ ਦੇ ਵਿਰੋਧ ’ਚ ਸੜਕਾਂ ’ਤੇ ਉਤਰ ਆਏ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਨਾਲ ਹੀ ਭਾਜਪਾ ਨੇ ਟੀ. ਰਾਜਾ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ।