ਦਿੱਲੀ ਮਹਿਲਾ ਕਮਿਸ਼ਨ ਨੇ ਘੇਰੀ ਸਰਕਾਰ, ਕਿਹਾ- ਸਬਜ਼ੀ ਵਾਂਗ ਵਿਕ ਰਿਹੈ ਤੇਜ਼ਾਬ, ਸਰਕਾਰ ਸੁੱਤੀ ਪਈ ਹੈ
Wednesday, Dec 14, 2022 - 06:11 PM (IST)
ਨਵੀਂ ਦਿੱਲੀ- ਦਿੱਲੀ ਮਹਿਲਾ ਕਮਿਸ਼ਨ (DCW) ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਬੁੱਧਵਾਰ ਨੂੰ 17 ਸਾਲਾ ਕੁੜੀ ’ਤੇ ਹੋਏ ਤੇਜ਼ਾਬ ਹਮਲੇ ਨੂੰ ਲੈ ਕੇ ਦਿੱਲੀ ਸਰਕਾਰ ਨੂੰ ਘੇਰਿਆ ਹੈ। ਸਵਾਤੀ ਨੇ ਕਿਹਾ ਕਿ ਪਾਬੰਦੀ ਦੇ ਬਾਵਜੂਦ ਤੇਜ਼ਾਬ, ਸਬਜ਼ੀ ਵਾਂਗ ਖਰੀਦਦਾਰੀ ਲਈ ਉਪਲੱਬਧ ਹੈ। ਟਵਿੱਟਰ ’ਤੇ ਸਾਂਝੀ ਕੀਤੀ ਇਕ ਵੀਡੀਓ ’ਚ ਸਵਾਤੀ ਨੇ ਕਿਹਾ ਕਿ ਤੇਜ਼ਾਬ ਦੀ ਵਿਕਰੀ ’ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਮਿਸ਼ਨ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਘਟਨਾ ਨੂੰ ਲੈ ਕੇ ਸ਼ਹਿਰ ਦੀ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ। ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਦਿੱਲੀ ’ਚ ਕੁੜੀ ’ਤੇ ਤੇਜ਼ਾਬੀ ਹਮਲਾ, ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ
ਸਵਾਤੀ ਨੇ ਕਿਹਾ ਕਿ ਕਮਿਸ਼ਨ ਨੇ ਕਈ ਨੋਟਿਸ ਜਾਰੀ ਕੀਤੇ, ਕਈ ਸਿਫਾਰਸ਼ਾਂ ਕੀਤੀਆਂ ਪਰ ਤੇਜ਼ਾਬ ਦੀ ਵਿਕਰੀ ਜਾਰੀ ਹੈ। ਜਿਵੇਂ ਸਬਜ਼ੀਆਂ ਵਿਕਦੀਆਂ ਹਨ, ਉਂਝ ਹੀ ਕੋਈ ਵੀ ਤੇਜ਼ਾਬ ਖਰੀਦ ਕੇ ਕਿਸੇ ਕੁੜੀ ’ਤੇ ਸੁੱਟ ਸਕਦਾ ਹੈ। ਇਸ ਮੁੱਦੇ ’ਤੇ ਸਰਕਾਰ ਕਿਉਂ ਅੱਖਾਂ ਬੰਦ ਕਰ ਕੇ ਬੈਠੀ ਹੈ? ਜਦੋਂ ਕਿਸੇ ਕੁੜੀ ’ਤੇ ਤੇਜ਼ਾਬ ਨਾਲ ਹਮਲਾ ਕੀਤਾ ਜਾਂਦਾ ਹੈ ਤਾਂ ਉਸ ਦੀ ਆਤਮਾ ਜ਼ਖ਼ਮੀ ਹੁੰਦੀ ਹੈ ਅਤੇ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਤੇਜ਼ਾਬ ਦੀ ਵਿਕਰੀ ਖ਼ਿਲਾਫ਼ ਲੜਾਈ ਜਾਰੀ ਰੱਖਾਂਗੇ।
ਇਹ ਵੀ ਪੜ੍ਹੋ- ਵਿਦਿਆਰਥਣ ’ਤੇ ਤੇਜ਼ਾਬੀ ਹਮਲੇ ’ਤੇ ਬੋਲੇ CM ਕੇਜਰੀਵਾਲ- ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਦੱਸਣਯੋਗ ਹੈ ਕਿ ਬੁੱਧਵਾਰ ਸਵੇਰੇ ਪੱਛਮੀ ਦਿੱਲੀ ਦੇ ਉੱਤਮ ਨਗਰ ਨੇੜੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ 17 ਸਾਲਾ ਲੜਕੀ 'ਤੇ ਤੇਜ਼ਾਬ ਸੁੱਟ ਦਿੱਤਾ। ਕੁੜੀ ਨੂੰ ਸਫਦਰਜੰਗ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਕ ਡਾਕਟਰ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਚਿਹਰਾ 7-8 ਫ਼ੀਸਦੀ ਤੱਕ ਸੜ ਗਿਆ ਹੈ ਅਤੇ ਉਸ ਦੀਆਂ ਅੱਖਾਂ ’ਤੇ ਵੀ ਅਸਰ ਹੋਇਆ ਹੈ। ਉਸ ਨੂੰ ICU ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਪੁਲਸ ਨੇ ਦੱਸਿਆ ਕਿ ਇਕ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ- ਸ਼ਰਧਾ ਵਰਗਾ ਖ਼ੌਫਨਾਕ ਕਤਲਕਾਂਡ: ਪੁੱਤ ਨੇ ਪਿਓ ਦੇ 32 ਟੁਕੜੇ ਕਰ ਬੋਰਵੈੱਲ ’ਚ ਸੁੱਟੇ