''ਸਭ ਤੋਂ ਸਾਫ ਸ਼ਹਿਰ'' ਦਾ ਸਨਮਾਨ ਇਸ ਸਾਲ ਵੀ ਇੰਦੌਰ ਦੇ ਨਾਮ
Wednesday, Mar 06, 2019 - 06:13 PM (IST)

ਨਵੀਂ ਦਿੱਲੀ— ਕੇਂਦਰ ਸਰਕਾਰ ਦੇ ਸਵੱਛਤਾ ਸਰਵੇਖਣ ਵਿਚ ਲਗਾਤਾਰ ਤੀਜੇ ਸਾਲ ਇੰਦੌਰ ਨੂੰ ਭਾਰਤ ਦੇ ਸਭ ਤੋਂ ਸਾਫ ਸ਼ਹਿਰ ਦਾ ਦਰਜਾ ਮਿਲਿਆ ਹੈ। ਛੱਤੀਸਗੜ੍ਹ ਦੇ ਅੰਬਿਕਾਪੁਰ ਅਤੇ ਕਰਨਾਟਕ ਦੇ ਮੈਸੂਰ ਨੂੰ ਇਸ ਸ਼੍ਰੇਣੀ ਵਿਚ ਦੂਜਾ ਅਤੇ ਤੀਜਾ ਸਥਾਨ ਹਾਸਲ ਹੋਇਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁੱਧਵਾਰ ਨੂੰ ਇੱਥੇ ਇਕ ਪ੍ਰੋਗਰਾਮ ਵਿਚ 'ਸਵੱਛ ਸਰਵੇਖਣ ਐਵਾਰਡ 2019' ਪ੍ਰਦਾਨ ਕੀਤੇ। ਨਵੀਂ ਦਿੱਲੀ ਨਗਰ ਪਾਲਿਕਾ ਪਰੀਸ਼ਦ ਖੇਤਰ ਨੂੰ ਸਭ ਤੋਂ ਸਾਫ ਛੋਟਾ ਸ਼ਹਿਰ ਐਲਾਨ ਕੀਤਾ ਗਿਆ। ਉੱਤਰਾਖੰਡ ਦੇ ਗੌਚਰ ਨੂੰ ਵਧੀਆ ਗੰਗਾ ਸ਼ਹਿਰ ਐਲਾਨ ਕੀਤਾ ਗਿਆ। ਅਹਿਮਦਾਬਾਦ ਨੂੰ ਸਭ ਤੋਂ ਸਾਫ ਵੱਡਾ ਸ਼ਹਿਰ, ਉੱਥੇ ਹੀ ਰਾਏਪੁਰ ਨੂੰ ਤੇਜ਼ੀ ਨਾਲ ਵਧਦੇ ਵੱਡੇ ਸ਼ਹਿਰ ਦਾ ਖਿਤਾਬ ਮਿਲਿਆ ਹੈ। ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦਾ ਮੰਤਰਾਲੇ ਇਹ ਐਵਾਰਡ ਪ੍ਰਦਾਨ ਕਰਦਾ ਹੈ।
ਉੱਚ ਸਥਾਨ 'ਤੇ ਆਏ ਸ਼ਹਿਰਾਂ ਨੂੰ ਮਹਾਤਮਾ ਗਾਂਧੀ ਦੀ ਮੂਰਤੀ ਪੁਰਸਕਾਰ ਦੇ ਰੂਪ ਵਿਚ ਭੇਟ ਕੀਤੀ ਗਈ। ਰਾਸ਼ਟਰਪਤੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸਵੱਛਤਾ ਦੀ ਮੁਹਿੰਮ ਨੂੰ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਮੈਨੂੰ ਉਮੀਦ ਹੈ ਕਿ ਲੋਕ ਹਾਲ ਹੀ ਵਿਚ ਖਤਮ ਹੋਏ ਕੁੰਭ ਮੇਲੇ ਅਤੇ ਉਸ ਵਿਚ ਸਵੱਛਤਾ ਦੇ ਪੱਧਰ ਤੋਂ ਕੁਝ ਸਿੱਖਣਗੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਆਪਣੇ ਘਰ ਦੀ ਸਫਾਈ ਵੱਲ ਬਹੁਤ ਧਿਆਨ ਦਿੰਦੇ ਹਨ ਪਰ ਜਨਤਕ ਸਫਾਈ ਪ੍ਰਤੀ ਘੱਟ। ਇਸ ਮਾਨਸਿਕਤਾ ਵਿਚ ਬਦਲਾਅ ਜ਼ਰੂਰੀ ਹੈ। ਸਵੱਛਤਾ ਨੂੰ ਨਾਗਰਿਕਾਂ ਦੀ ਜ਼ਿੰਦਗੀ ਦਾ ਅਨਿਖੜਵਾਂ ਅੰਗ ਬਣਾਉਣਾ ਹੋਵੇਗਾ।