ਹਿਮਾਚਲ ਪ੍ਰਦੇਸ਼ 'ਚ ਮਿਲਿਆ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ, ਸ਼ੱਕੀ ਮਰੀਜ਼ IGMC 'ਚ ਭਰਤੀ
Wednesday, Mar 04, 2020 - 11:36 AM (IST)
ਸ਼ਿਮਲਾ—ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤਾਜ਼ਾ ਮਾਮਲਾ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਇਸ ਵਾਇਰਸ ਨੇ ਦਸਤਕ ਦਿੱਤੀ ਹੈ। ਸੂਬੇ ਦੇ ਬਿਲਾਸਪੁਰ 'ਚ ਕੋਰੋਨਾਵਾਇਰਸ ਦਾ ਪਹਿਲਾ ਸ਼ੱਕੀ ਮਾਮਲਾ ਮਿਲਿਆ ਹੈ ਪਰ ਹਾਲੇ ਪੁਸ਼ਟੀ ਦਾ ਇੰਤਜ਼ਾਰ ਹੈ। ਦਰਅਸਲ ਇੱਥੇ ਇਕ 32 ਸਾਲਾ ਨੌਜਵਾਨ ਨੂੰ ਸ਼ੱਕੀ ਹਾਲਾਤਾਂ 'ਚ ਸੂਬੇ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (ਆਈ.ਜੀ.ਐੱਮ.ਸੀ) ਸ਼ਿਮਲਾ 'ਚ ਭਰਤੀ ਕੀਤਾ ਗਿਆ। ਦੱਸ ਦੇਈਏ ਕਿ ਇਹ ਨੌਜਵਾਨ 29 ਫਰਵਰੀ ਨੂੰ ਉੱਤਰੀ ਕੋਰੀਆ ਤੋਂ ਭਾਰਤ ਵਾਪਸ ਪਰਤਿਆ ਸੀ। ਭਾਰਤ ਪਹੁੰਚਣ ਤੋਂ ਬਾਅਦ ਮਰੀਜ਼ ਦੀ ਜਾਂਚ ਹੋਈ ਸੀ ਫਿਲਹਾਲ ਮਰੀਜ਼ ਨੂੰ ਇੱਥੇ ਹਸਪਤਾਲ 'ਚ ਵੱਖਰੇ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਹਸਪਤਾਲ 'ਚ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਦਾ ਇਕ ਦਲ ਇਸ ਮਰੀਜ਼ ਦੀ ਨਿਗਰਾਨੀ ਕਰ ਰਿਹਾ ਹੈ। ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਦੇ ਹਸਪਤਾਲ ਪਹੁੰਚਣ 'ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਸ਼ੱਕੀ ਮਰੀਜ਼ ਦਾ ਸੈਂਪਲ-
ਮਰੀਜ਼ ਦਾ ਸੈਂਪਲ ਲਿਆ ਗਿਆ ਹੈ ਅਤੇ ਏਮਜ਼ ਦਿੱਲੀ ਭੇਜਿਆ ਜਾਵੇਗਾ। 72 ਘੰਟਿਆ ਤੋਂ ਬਾਅਦ ਰਿਪੋਰਟ ਆਵੇਗੀ। ਰਿਪੋਰਟ ਆਉਣ ਤੱਕ ਨੌਜਵਾਨ ਨੂੰ ਨਿਰੀਖਣ 'ਚ ਰੱਖਿਆ ਗਿਆ ਹੈ। ਜੇਕਰ ਰਿਪੋਰਟ ਪੋਜ਼ੀਟਿਵ ਮਿਲ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਪਰਿਵਾਰ ਦੇ ਲੋਕਾਂ ਦੀ ਦੀ ਜਾਂਚ ਕੀਤੀ ਜਾਵੇਗੀ ਅਤੇ ਉਸ ਅਨੁਸਾਰ ਉੱਚਿਤ ਕਦਮ ਚੁੱਕੇ ਜਾਣਗੇ।
ਮੁੱਖ ਮੰਤਰੀ ਜੈਰਾਮ ਨੇ ਸਿਹਤ ਵਿਭਾਗ ਨੂੰ ਕੀਤਾ ਅਲਰਟ-
ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ, ''ਲੋਕਾਂ ਨੂੰ ਡਰਨ ਦੀ ਲੋੜ ਨਹੀਂ ਅਤੇ ਹੁਣ ਤੱਕ ਇਹ ਸਿਰਫ ਸ਼ੱਕੀ ਮਾਮਲਾ ਹੈ ਫਿਲਹਾਲ ਟੈਸਟ ਰਿਪੋਰਟ ਆਉਣ ਦਾ ਇੰਤਜ਼ਾਰ ਹੈ। ਉਨ੍ਹਾਂ ਨੇ ਕਿਹਾ ਕਿ ਵਾਇਰਸ ਨਾਲ ਨਿਪਟਣ ਲਈ ਸਰਕਾਰ ਤਿਆਰ ਹੈ। ਬੀਮਾਰੀ ਨੂੰ ਲੈ ਕੇ ਕਿਸੇ ਵੀ ਸਿੱਟੇ 'ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ ਫਿਲਹਾਲ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਅਲਰਟ ਰਹਿਣ ਦਾ ਆਦੇਸ਼ ਦਿੱਤਾ ਹੈ।''
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਰਾਹਤ ਦੀ ਖ਼ਬਰ, ਨੋਇਡਾ 'ਚ 6 ਲੋਕਾਂ ਦੇ ਜਾਂਚ ਦੇ ਨਮੂਨੇ ਨੈਗੇਟਿਵ