ਸੁਸ਼ਮਾ ਤਿੰਨ ਦੇਸ਼ਾਂ ਦੀ ਯਾਤਰਾ ਲਈ ਰਵਾਨਾ
Saturday, Feb 16, 2019 - 04:31 PM (IST)

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸ਼ਨੀਵਾਰ ਨੂੰ ਤਿੰਨ ਦੇਸ਼ਾਂ ਬੁਲਗਾਰੀਆ, ਮੋਰਾਕੋ ਅਤੇ ਸਪੇਨ ਦੀ ਯਾਤਰਾ ਲਈ ਰਵਾਨਾ ਹੋ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,''ਸਹਿਯੋਗੀ ਦੇਸ਼ਾਂ ਨਾਲ ਸੰਬੰਧਾਂ ਨੂੰ ਜਾਰੀ ਰੱਖਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤਿੰਨ ਦੇਸ਼ਾਂ ਬੁਲਗਾਰੀਆ, ਮੋਰਾਕੋ ਅਤੇ ਸਪੇਨ ਦੀ ਤਿੰਨ ਦਿਨਾ ਯਾਤਰਾ ਲਈ ਰਵਾਨਾ ਹੋ ਗਈ।'' ਸਪੇਨ ਦੀ ਸਰਕਾਰ ਭਾਰਤੀ ਵਿਦੇਸ਼ ਮੰਤਰੀ ਨੂੰ ਯਾਤਰਾ ਦੌਰਾਨ 'ਗਰਾਂਡ ਕਰਾਸ ਆਫ ਦਿ ਆਰਡਰ ਆਫ ਸਿਵਲ ਮੈਰਿਟ' ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਬੁਲਾਰੇ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ ਕਿ ਨੇਪਾਲ 'ਚ ਸਾਲ 2015 'ਚ ਆਏ ਭਿਆਨਕ ਭੂਚਾਲ 'ਚ ਫਸੇ ਸਪੇਨ ਦੇ 71 ਨਾਗਰਿਕਾਂ ਨੂੰ ਆਪਰੇਸ਼ਨ ਮੈਤਰੀ (ਦੋਸਤੀ) ਦੇ ਅਧੀਨ ਸੁਰੱਖਿਅਤ ਕੱਢਣ ਲਈ ਸਪੇਨ ਸਰਕਾਰ ਸ਼੍ਰੀਮਤੀ ਸਵਰਾਜ ਨੂੰ ਇਸ ਪੁਰਸਕਾਰ ਨਾਲ ਸਨਮਾਨਤ ਕਰੇਗੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸ਼੍ਰੀਮਤੀ ਸਵਰਾਜ 18-19 ਫਰਵਰੀ ਨੂੰ ਸਪੇਨ ਦੇ ਵਿਦੇਸ਼ ਮੰਤਰੀ ਜੋਸਫ ਬੋਰੇਲ ਫੋਂਟੇਲਸ ਦੇ ਵਿਸ਼ੇਸ਼ ਸੱਦੇ 'ਤੇ ਤਿੰਨ ਦੇਸ਼ਾਂ ਦੀ ਯਾਤਰਾ ਦੌਰਾਨ ਸਪੇਨ ਦੀ ਯਾਤਰਾ ਕਰੇਗੀ। ਸ਼੍ਰੀ ਕੁਮਾਰ ਨੇ ਕਿਹਾ ਕਿ ਸ਼੍ਰੀਮਤੀ ਸਵਰਾਜ ਦੀ ਤਿੰਨ ਦੇਸ਼ਾਂ ਦੀ ਯਾਤਰਾ ਨਾਲ ਭਾਰਤ ਦੇ ਇਨ੍ਹਾਂ ਦੇਸ਼ਾਂ ਨਾਲ ਸੰਬੰਧ ਮਜ਼ਬੂਤ ਹੋਣਗੇ ਅਤੇ ਮਹੱਤਵਪੂਰਨ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਸਹਿਯੋਗ ਵਧਾਉਣ 'ਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ,''ਸ਼੍ਰੀਮਤੀ ਸਵਰਾਜ ਬੁਲਗਾਰੀਆ ਦੀ ਯਾਤਰਾ ਕਰਨ ਵਾਲੀ ਦੇਸ਼ ਦੀ ਪਹਿਲੀ ਵਿਦੇਸ਼ ਮੰਤਰੀ ਹੋਵੇਗੀ। ਵਿਦੇਸ਼ ਮੰਤਰੀ ਆਪਣੀ ਯਾਤਰਾ ਦੌਰਾਨ ਬੁਲਗਾਰੀਆ ਦੇ ਉੱਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਬੈਠਕ ਕਰੇਗੀ। ਦੋਵੇਂ ਦੇਸ਼ ਦੋ-ਪੱਖੀ, ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਗੱਲਬਾਤ ਕਰਨਗੇ।''