ਸੁਸ਼ੀਲ ਚੰਦਰਾ ਬਣੇ ਦੇਸ਼ ਦੇ 24ਵੇਂ ਮੁੱਖ ਚੋਣ ਕਮਿਸ਼ਨਰ, ਸੰਭਾਲਿਆ ਅਹੁਦਾ
Tuesday, Apr 13, 2021 - 03:53 PM (IST)
ਨਵੀਂ ਦਿੱਲੀ- ਸੁਸ਼ੀਲ ਚੰਦਰਾ ਨੇ ਮੰਗਲਵਾਰ ਨੂੰ ਦੇਸ਼ ਦੇ 24ਵੇਂ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਦਾ ਅਹੁਦਾ ਸੰਭਾਲ ਲਿਆ। ਚੰਦਰਾ ਨੇ ਸੁਨੀਲ ਅਰੋੜਾ ਦਾ ਸਥਾਨ ਲਿਆ ਹੈ, ਜਿਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਚੰਦਰਾ ਨੂੰ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਚੰਦਰਾ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ 14 ਫਰਵਰੀ 2019 ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦਾ ਕਾਰਜਕਾਲ 14 ਮਈ 2022 ਤੱਕ ਰਹੇਗਾ।
ਉਨ੍ਹਾਂ ਦੀ ਅਗਵਾਈ 'ਚ ਭਾਰਤ ਚੋਣ ਕਮਿਸ਼ਨ ਗੋਆ, ਮਣੀਪੁਰ, ਉਤਰਾਖੰਡ, ਪੰਜਾਬ ਅਤੇ ਉੱਤਰ ਪ੍ਰਦੇਸ਼ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਕਰਵਾਏਗਾ। ਗੋਆ, ਮਣੀਪੁਰ, ਉਤਰਾਖੰਡ ਅਤੇ ਪੰਜਾਬ ਵਿਧਾਨ ਸਭਾਵਾਂ ਦਾ ਕਾਰਜਕਾਲ ਅਗਲੇ ਸਾਲ ਮਾਰਚ 'ਚ ਖ਼ਤਮ ਹੋਣ ਜਾ ਰਿਹਾ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ ਮਈ 'ਚ ਖ਼ਤਮ ਹੋਵੇਗਾ। ਚੰਦਰਾ ਭਾਰਤੀ ਮਾਲੀਆ ਸੇਵਾ ਦੇ 1980 ਬੈਚ ਦੇ ਅਧਿਕਾਰੀ ਹਨ। ਉਹ 18 ਫਰਵਰੀ 2020 ਤੋਂ ਹੱਦਬੰਦੀ ਕਮਿਸ਼ਨ ਦੇ ਸਾਬਕਾ ਮੈਂਬਰ ਹਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ 'ਚ ਪ੍ਰਕਿਰਿਆਵਾਂ ਦੇਖ ਰਹੇ ਹਨ। ਕਰੀਬ 39 ਸਾਲ ਤੱਕ ਇਨਕਮ ਟੈਕਸ ਵਿਭਾਗ 'ਚ ਵੱਖ-ਵੱਖ ਅਹੁਦਿਆਂ 'ਤੇ ਰਹਿਣ ਤੋਂ ਬਾਅਦ ਚੰਦਰਾ ਨੂੰ ਇਕ ਨਵੰਬਰ 2016 ਨੂੰ ਕੇਂਦਰੀ ਸਿੱਧਾ ਟੈਕਸ ਬੋਰਡ (ਸੀ.ਬੀ.ਡੀ.ਟੀ.) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।