ਚੋਣ ਕਮਿਸ਼ਨ ਵੱਲੋਂ ਵੋਟਿੰਗ ਪ੍ਰਤੀਸ਼ਤ ਦਾ ਅੰਕੜਾ ਜਾਰੀ ਨਾ ਕੀਤੇ ਜਾਣਾ ਹੈਰਾਨੀਜਨਕ : ਕੇਜਰੀਵਾਲ

02/09/2020 8:36:42 PM

ਨਵੀਂ ਦਿੱਲੀ, (ਭਾਸ਼ਾ)— ਚੋਣ ਕਮਿਸ਼ਨ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਅੰਤਿਮ ਵੋਟਿੰਗ ਫੀਸਦੀ ਦੇ ਐਲਾਨ 'ਚ ਕੀਤੀ ਗਈ ਦੇਰੀ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੂਰੀ ਤਰ੍ਹਾਂ ਹੈਰਾਨੀਜਨਕ ਕਰਾਰ ਦਿੰਦੇ ਹੋਏ ਸਵਾਲ ਕੀਤਾ ਹੈ ਕਿ ਵੋਟਿੰਗ ਖਤਮ ਹੋਣ ਦੇ ਕਈ ਘੰਟਿਆਂ ਬਾਅਦ ਵੀ ਕਮਿਸ਼ਨ ਅੰਕੜੇ ਜਾਰੀ ਕਿਉਂ ਨਹੀਂ ਕਰ ਰਿਹਾ?
ਕੇਜਰੀਵਾਲ ਨੇ ਆਪਣੇ ਟਵੀਟ 'ਚ ਇਸ ਨੂੰ ਪੂਰੀ ਤਰ੍ਹਾਂ ਹੈਰਾਨੀਜਨਕ ਕਰਾਰ ਦਿੰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਅਜਿਹਾ ਕਿਉਂ ਕਰ ਰਿਹਾ ਹੈ। ਵੋਟਿੰਗ ਖਤਮ ਹੋਣ ਦੇ ਕਈ ਘੰਟਿਆਂ ਬਾਅਦ ਵੀ ਉਹ ਵੋਟਿੰਗ ਪ੍ਰਤੀਸ਼ਤ ਦੇ ਅੰਕੜੇ ਕਿਉਂ ਜਾਰੀ ਨਹੀਂ ਕਰ ਰਹੇ? ਕਮਿਸ਼ਨ ਨੇ ਸ਼ਨੀਵਾਰ ਰਾਤ ਨੂੰ ਅੰਤਿਮ ਵੋਟਿੰਗ ਪ੍ਰਤੀਸ਼ਤ 61.46 ਫੀਸਦੀ ਦੱਸੀ ਸੀ। ਆਪ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਅਖਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਦੇ ਇਤਿਹਾਸ 'ਚ ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਚੋਣ ਕਮਿਸ਼ਨ ਵੋਟਿੰਗ ਪ੍ਰਤੀਸ਼ਤ ਦਾ ਅੰਕੜਾ ਜਾਰੀ ਕਰਨ ਲਈ ਤਿਆਰ ਨਹੀਂ ਹੈ।

ਕੇਜਰੀਵਾਲ ਜਿੱਤੇ ਤਾਂ ਇਹ ਹੋਵੇਗੀ ਵਿਕਾਸ ਦੇ ਏਜੰਡੇ ਦੀ ਜਿੱਤ
ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਦਿੱਲੀ 'ਚ ਹੋਈਆਂ ਚੋਣਾਂ 'ਚ ਕਦੇ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਨਹੀਂ ਕੀਤੀ ਸੀ। ਅਸੀਂ ਇਹ ਚੋਣਾਂ ਪੂਰੀ ਤਾਕਤ ਨਾਲ ਲੜੀਆਂ। ਚੋਣਾਂ 'ਚ ਭਾਜਪਾ ਨੇ ਸਾਰੇ ਫਿਰਕੂ ਏਜੰਡਿਆਂ ਨੂੰ ਅੱਗੇ ਰੱਖਿਆ ਜਦੋਂਕਿ ਅਰਵਿੰਦ ਕੇਜਰੀਵਾਲ ਨੇ ਵਿਕਾਸ ਏਜੰਡੇ ਨੂੰ ਅੱਗੇ ਲਿਆਂਦਾ। ਜੇਕਰ ਚੋਣਾਂ 'ਚ ਕੇਜਰੀਵਾਲ ਜਿੱਤ ਜਾਂਦੇ ਹਨ ਤਾਂ ਇਹ ਵਿਕਾਸ ਦੇ ਏਜੰਡੇ ਦੀ ਜਿੱਤ ਹੋਵੇਗੀ।

ਇਸੇ ਦੌਰਾਨ ਕਾਂਗਰਸ ਆਗੂ ਸੰਦੀਪ ਦੀਕਸ਼ਿਤ ਨੇ ਐਗਜ਼ਿਟ ਪੋਲ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਕਿਹਾ ਕਿ ਅਜਿਹੇ ਐਗਜ਼ਿਟ ਪੋਲ ਅਕਸਰ ਗਲਤ ਹੁੰਦੇ ਹਨ। ਅਸੀਂ ਦਿੱਲੀ ਦੀਆਂ ਜ਼ਿਆਦਾਤਰ ਸੀਟਾਂ 'ਤੇ ਸਖਤ ਟੱਕਰ ਦਿੱਤੀ ਹੈ ਅਤੇ ਚੰਗੇ ਨਤੀਜਿਆਂ ਦੀ ਉਮੀਦ ਕਰਦੇ ਹਾਂ ਪਰ ਜਮਹੂਰੀਅਤ 'ਚ ਆਖਰੀ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਹੈ। ਪਾਰਟੀ ਦੇ ਇਕ ਆਗੂ ਨੇ ਕਿਹਾ ਕਿ ਕਾਂਗਰਸ ਨੂੰ ਕਸਤੂਰਬਾ ਨਗਰ, ਸੀਲਮਪੁਰ, ਗਾਂਧੀ ਨਗਰ, ਚਾਂਦਨੀ ਚੌਕ, ਸਦਰ ਬਾਜ਼ਾਰ ਅਤੇ ਮਠੀਆ ਮਹਿਲ 'ਚ ਜਿੱਤ ਦੀ ਉਮੀਦ ਹੈ। ਪਾਰਟੀ ਨੂੰ ਪੁਰਾਣੀ ਦਿੱਲੀ ਖੇਤਰ ਵਿਚਲੇ ਚੋਣ ਹਲਕਿਆਂ ਤੋਂ ਇਲਾਵਾ ਸੰਗਮ ਬਿਹਾਰ ਖੇਤਰ 'ਚ ਵੀ ਜਿੱਤ ਦੀ ਉਮੀਦ ਹੈ। ਕਾਂਗਰਸ ਨੇ ਲਗਭਗ 12 ਚੋਣ ਹਲਕਿਆਂ 'ਚ ਚੰਗੀ ਟੱਕਰ ਦਿੱਤੀ ਹੈ, ਜਿੱਥੇ ਮੁਸਲਿਮ ਵੋਟਰ ਫੈਸਲਾਕੁੰਨ ਸਥਿਤੀ 'ਚ ਹਨ।


KamalJeet Singh

Content Editor

Related News