ਸ਼ਿਮਲਾ ਨਗਰ ਨਿਗਮ ਦੇ ਮੇਅਰ ਬਣੇ ਸੁਰਿੰਦਰ, ਉਮਾ ਨੂੰ ਮਿਲੀ ਡਿਪਟੀ ਮੇਅਰ ਦੀ ਕਮਾਨ
Monday, May 15, 2023 - 03:32 PM (IST)
ਸ਼ਿਮਲਾ- ਛੋਟਾ ਸ਼ਿਮਲਾ ਵਾਰਡ ਤੋਂ ਕਾਂਗਰਸ ਕੌਂਸਲਰ ਸੁਰਿੰਦਰ ਚੌਹਾਨ ਨੂੰ ਸ਼ਿਮਲਾ ਨਗਰ ਨਿਗਮ ਦਾ ਨਵਾਂ ਮੇਅਰ ਬਣਾਇਆ ਗਿਆ ਹੈ, ਜਿਨ੍ਹਾਂ ਨੂੰ ਪਹਿਲੀ ਆਮ ਸਭਾ 'ਚ ਸਰਬਸੰਮਤੀ ਨਾਲ ਨਵਾਂ ਮੇਅਰ ਚੁਣਿਆ ਗਿਆ। ਤੂਤੀਕੰਡੀ ਤੋਂ ਤਿੰਨ ਵਾਰ ਕੌਂਸਲਰ ਰਹਿ ਚੁੱਕੀ ਉਮਾ ਕੌਸ਼ਲ ਨੂੰ ਵੀ ਸਰਬਸੰਮਤੀ ਨਾਲ ਡਿਪਟੀ ਮੇਅਰ ਚੁਣ ਲਿਆ ਗਿਆ। ਦੱਸ ਦੇਈਏ ਕਿ 4 ਮਈ ਨੂੰ ਹੋਈਆਂ ਸ਼ਿਮਲਾ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ 24 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਹੈ।
ਸੁਰਿੰਦਰ ਚੌਹਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਛੋਟਾ ਸ਼ਿਮਲਾ ਹੋਮ ਵਾਰਡ ਤੋਂ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਹਨ। ਮੁੱਖ ਮੰਤਰੀ ਸੁੱਖੂ ਆਪਣੇ ਜਨਤਕ ਜੀਵਨ ਦੀ ਸ਼ੁਰੂਆਤ ਇਸੇ ਵਾਰਡ ਤੋਂ ਕੌਂਸਲਰਸ਼ਿਪ ਜਿੱਤ ਮਗਰੋਂ ਕੀਤੀ। ਉਮਾ ਕੌਸ਼ਲ ਤੂਤੀਕੰਡੀ ਤੋਂ ਤਿੰਨ ਵਾਰ ਕੌਂਸਲਰ ਰਹਿ ਚੁੱਕੀ ਹੈ ਅਤੇ ਉਨ੍ਹਾਂ ਦੇ ਪਤੀ ਆਨੰਦ ਕੌਸ਼ਲ ਵੀ ਇਸ ਵਾਰਡ ਤੋਂ ਚਾਰ ਵਾਰ ਅਜੇਤੂ ਕੌਂਸਲਰ ਰਹੇ ਹਨ। ਕਾਂਗਰਸ ਨੇ ਉਮਾ ਕੌਸ਼ਲ ਨੂੰ ਡਿਪਟੀ ਮੇਅਰ ਚੁਣਨਾ ਹੈ, ਕਿਉਂਕਿ 34 ਮੈਂਬਰੀ ਸਦਨ ਲਈ ਕੁੱਲ 21 ਮਹਿਲਾ ਕੌਂਸਲਰ ਚੁਣੀਆਂ ਗਈਆਂ ਹਨ, ਜਿਨ੍ਹਾਂ 'ਚ 17 ਸੀਟਾਂ ਔਰਤਾਂ ਲਈ ਰਾਂਖਵੀਆਂ ਹਨ।
ਚੌਹਾਨ ਨੇ 1397 ਵੋਟਾਂ ਹਾਸਲ ਕਰਕੇ ਭਾਜਪਾ ਦੇ ਸੰਜੀਵ ਚੌਹਾਨ ਨੂੰ 840 ਵੋਟਾਂ ਨਾਲ ਹਰਾਇਆ। ਤੀਜੀ ਵਾਰ ਚੁਣੇ ਜਾ ਰਹੇ ਚੌਹਾਨ ਨੂੰ ਮੁੱਖ ਮੰਤਰੀ ਦਾ ਕਰੀਬੀ ਮੰਨਿਆ ਜਾਂਦਾ ਹੈ। ਉਮਾ ਕੌਸ਼ਲ ਨੇ ਆਪਣੇ ਭਾਜਪਾ ਮੁਕਾਬਲੇਬਾਜ਼ ਨੂੰ 521 ਵੋਟਾਂ ਨਾਲ ਹਰਾਇਆ। ਤੂਤੀਕੰਡੀ ਵਾਰਡ ਦੀ ਨੁਮਾਇੰਦਗੀ ਕਰਨ ਵਾਲੇ ਕੌਂਸਲਰ ਦੇ ਰੂਪ ਵਿਚ ਕੌਸ਼ਲ ਨੇ ਲਗਾਤਾਰ ਸਮਾਵੇਸ਼ੀ ਨੀਤੀਆਂ ਦੀ ਵਕਾਲਤ ਕੀਤੀ ਹੈ ਅਤੇ ਆਪਣੇ ਖੇਤਰ 'ਚ ਨਾਗਰਿਕ ਸਹੂਲਤਾਂ ਨੂੰ ਵਧਾਉਣ ਲਈ ਕੰਮ ਕੀਤਾ ਹੈ।
ਆਪਣੇ ਮਜ਼ਬੂਤ ਲੀਡਰਸ਼ਿਪ ਹੁਨਰ ਅਤੇ ਕਮਿਊਨਿਟੀ-ਕੇਂਦਰਿਤ ਪਹੁੰਚ ਨਾਲ, ਉਸ ਤੋਂ ਮੇਅਰ ਦਾ ਸਮਰਥਨ ਕਰਨ ਵਿਚ ਮੁੱਖ ਭੂਮਿਕਾ ਨਿਭਾਉਣ ਦੀ ਉਮੀਦ ਕੀਤੀ ਜਾਂਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਨਵੇਂ ਚੁਣੇ ਗਏ ਮੇਅਰ ਅਤੇ ਡਿਪਟੀ ਮੇਅਰ ਨੂੰ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਂਦੇ ਹੋਏ ਟ੍ਰੈਫਿਕ ਜਾਮ, ਠੋਸ ਰਹਿੰਦ-ਖੂੰਹਦ ਪ੍ਰਬੰਧਨ, ਸ਼ਿਮਲਾ ਦੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਸਮੇਤ ਕਈ ਅਹਿਮ ਮੁੱਦਿਆਂ ਨਾਲ ਨਜਿੱਠਣਾ ਹੋਵੇਗਾ।