SC ਦੀ ਵਟਸਐੱਪ ਅਤੇ ਫੇਸਬੁੱਕ ਨੂੰ ਫਟਕਾਰ, ਆਖ਼ੀ ਇਹ ਗੱਲ
Monday, Feb 15, 2021 - 03:07 PM (IST)
ਨਵੀਂ ਦਿੱਲੀ- ਵਟਸਐੱਪ ਦੀ ਨਵੀਂ ਪ੍ਰਾਇਵੇਸੀ ਪਾਲਿਸੀ ਨੂੰ ਲੈ ਕੇ ਜਾਰੀ ਵਿਵਾਦ ਵਿਚਾਲੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਕੰਪਨੀ ਨੂੰ ਫਟਕਾਰ ਲਗਾਈ। ਕੋਰਟ ਨੇ ਸਪੱਸ਼ਟ ਤੌਰ 'ਤੇ ਕਿਹਾ, ਵਟਸਐੱਪ ਲਿਖਤੀ 'ਚ ਦੇਵੇ ਕਿ ਯੂਜ਼ਰਸ ਦਾ ਡਾਟਾ ਕਿਸੇ ਥਰਡ ਪਾਰਟੀ ਨਾਲ ਸ਼ੇਅਰ ਨਹੀਂ ਕੀਤਾ ਜਾਵੇਗਾ। ਕੋਰਟ ਨੇ ਨਵੀਂ ਪ੍ਰਾਇਵੇਸੀ ਪਾਲਿਸੀ ਦੇ ਮਾਮਲੇ 'ਚ ਵਟਸਐੱਪ, ਫੇਸਬੁੱਕ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਫਿਲਹਾਲ, ਇਸ ਮਾਮਲੇ ਦੀ ਅਗਲੀ ਸੁਣਵਾਈ 4 ਹਫ਼ਤੇ ਬਾਅਦ ਹੋਣੀ ਹੈ। ਨਵੀਂ ਪ੍ਰਾਇਵੇਸੀ ਪਾਲਿਸੀ ਦੇ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਕਿਹਾ ਕਿ ਹੋ ਸਕਦਾ ਹੈ ਕਿ ਤੁਹਾਡੀ ਕੰਪਨੀ ਦੀ ਕੀਮਤ 2 ਤੋਂ 3 ਟ੍ਰਿਲੀਅਨ ਹੋਵੇ ਪਰ ਯੂਜ਼ਰਸ ਦੀ ਨਿਜਤਾ (ਪ੍ਰਾਇਵੇਸੀ) ਦੀ ਕੀਮਤ ਇਸ ਤੋਂ ਕਿਤੇ ਵੱਧ ਹੈ। ਕੋਰਟ ਨੇ ਕਿਹਾ ਕਿ ਲੋਕਾਂ ਦੀ ਨਿਜਤਾ ਦੀ ਸੁਰੱਖਿਆ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਅਦਾਲਤ ਨੇ ਵਟਸਐੱਪ ਅਤੇ ਫੇਸਬੁੱਕ ਨੂੰ ਨੋਟਿਸ ਜਾਰੀ ਕਰ ਕੇ ਉਸ ਦੀ ਨਵੀਂ ਪ੍ਰਾਇਵੇਸੀ ਪਾਲਿਸੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਪ੍ਰਤੀਕਿਰਿਆ ਮੰਗੀ ਹੈ।
ਮਾਮਲੇ ਦੀ ਅੱਗੇ ਦੀ ਸੁਣਵਾਈ ਕਰਦੇ ਹੋਏ ਚੀਫ਼ ਜਸਟਿਸ ਐੱਸ.ਏ. ਬੋਬੜੇ ਦੀ ਪ੍ਰਧਾਨਗੀ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਕਿਹਾ,''ਯੂਜ਼ਰਸ ਨਵੀਂ ਪ੍ਰਾਇਵੇਸੀ ਪਾਲਿਸੀ ਆਉਣ ਦੇ ਬਾਅਦ ਤੋਂ ਆਪਣੀ ਨਿਜਤਾ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਕੋਰਟ ਨੇ ਇਹ ਫ਼ੈਸਲਾ ਸਾਲ 2016 'ਚ ਆਈ ਪ੍ਰਾਇਵੇਸੀ ਪਾਲਿਸੀ ਨੂੰ ਲੈ ਕੇ ਸੁਣਾਇਆ ਹੈ। ਇਸ ਮਾਮਲੇ 'ਚ ਦਾਇਰ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਫੇਸਬੁੱਕ ਨੇ ਵਟਸਐੱਪ ਨੂੰ ਖਰੀਦਣ ਦੇ ਤੁਰੰਤ ਬਾਅਦ ਹੀ ਯੂਜ਼ਰਸ ਦਾ ਡਾਟਾ ਫੇਸਬੁੱਕ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਹੈ।