SC ਨੇ ਵੇਦਾਂਤਾ ਦੇ ਆਕਸੀਜਨ ਪਲਾਂਟ ਨੂੰ ਚਲਾਉਣ ਦੀ ਦਿੱਤੀ ਮਨਜ਼ੂਰੀ, ਕਿਹਾ-‘ਰਾਸ਼ਟਰੀ ਲੋੜ’ ਦੇ ਮੱਦੇਨਜ਼ਰ ਦਿੱਤਾ ਹੁਕਮ

Wednesday, Apr 28, 2021 - 10:59 AM (IST)

ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਵੇਦਾਂਤਾ ਨੂੰ ਤਾਮਿਲਨਾਡੂ ਦੇ ਤੂਤੀਕੋਰਿਨ ’ਚ ਸਥਿਤ ਉਸ ਦੇ ਆਕਸੀਜਨ ਪਲਾਂਟ ਨੂੰ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਅਤੇ ਕਿਹਾ ਕਿ ਆਕਸੀਜਨ ਦੀ ‘ਰਾਸ਼ਟਰੀ ਲੋੜ’ ਦੇ ਮੱਦੇਨਜ਼ਰ ਇਹ ਹੁਕਮ ਪਾਸ ਕੀਤਾ ਗਿਆ ਹੈ। ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਐੱਲ. ਨਾਗੇਸ਼ਵਰ ਅਤੇ ਜਸਟਿਸ ਐੱਸ. ਰਵਿੰਦਰ ਭੱਟ ਦੀ ਬੈਂਚ ਨੇ ਕਿਹਾ ਕਿ ਇਸ ਹੁਕਮ ਦੀ ਆੜ ’ਚ ਵੇਦਾਂਤਾ ਨੂੰ ਤਾਂਬਾ ਗਲਾਉਣ ਵਾਲੇ ਪਲਾਂਟ ’ਚ ਦਾਖਲ ਹੋਣ ਅਤੇ ਉਸ ਦੇ ਸੰਚਾਲਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਵੇਦਾਂਤਾ ਵੱਲੋਂ ਆਕਸੀਜਨ ਉਤਪਾਦਨ ਨੂੰ ਲੈ ਕੇ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਸਮੇਂ ਦੇਸ਼ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਕਿਹਾ-ਕੋਰੋਨਾ ’ਚ ਜ਼ਬਰਦਸਤ ਵਾਧਾ ਰਾਸ਼ਟਰੀ ਸੰਕਟ, ਮੂਕਦਰਸ਼ਕ ਨਹੀਂ ਬਣਾਂਗੇ

ਅਦਾਲਤ ਨੇ ਕਿਹਾ ਕਿ ਵੇਦਾਂਤਾ ਨੂੰ ਆਕਸੀਜਨ ਪਲਾਂਟ ਦੇ ਸੰਚਾਲਨ ਦੀ ਮਨਜ਼ੂਰੀ ਦੇਣ ਦਾ ਹੁਕਮ ਕਿਸੇ ਵੀ ਤਰ੍ਹਾਂ ਨਾਲ ਕੰਪਨੀ ਦੇ ਹਿੱਤ ’ਚ ਕਿਸੇ ਤਰ੍ਹਾਂ ਦਾ ਸਿਰਜਣ ਨਹੀਂ ਮੰਨਿਆ ਜਾਵੇਗਾ। ਅਦਾਲਤ ਨੇ ਤਾਮਿਲਨਾਡੂ ਸਰਕਾਰ ਨੂੰ ਆਕਸੀਜਨ ਪਲਾਂਟ ’ਚ ਹੋਣ ਵਾਲੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਕਲੈਕਟਰ ਅਤੇ ਤੂਤੀਕੋਰਿਨ ਦੇ ਪੁਲਸ ਸੁਪਰਡੈਂਟ ਨੂੰ ਸ਼ਾਮਲ ਕਰਕੇ ਇਕ ਕਮੇਟੀ ਦਾ ਗਠਨ ਕਰਨ ਦਾ ਨਿਰਦੇਸ਼ ਦਿੱਤਾ। ਸੁਪਰੀਮ ਅਦਾਲਤ ਨੇ 23 ਅਪ੍ਰੈਲ ਨੂੰ ਕਿਹਾ ਸੀ ਕਿ ਆਕਸੀਜਨ ਦੀ ਘਾਟ ਕਾਰਨ ਲੋਕ ਮਰ ਰਹੇ ਹਨ। ਉਸ ਨੇ ਤਾਮਿਲਨਾਡੂ ਸਰਕਾਰ ਤੋਂ ਪੁੱਛਿਆ ਸੀ ਕਿ ਉਹ ਆਕਸੀਜਨ ਉਤਪਾਦਨ ਲਈ ਤੂਤੀਕੋਰਿਨ ’ਚ ਵੇਦਾਂਤਾ ਦੇ ਸਟਰਲਾਈਟ ਤਾਂਬਾ ਯੂਨਿਟ ਨੂੰ ਆਪਣੇ ਕੰਟਰੋਲ ’ਚ ਕਿਉਂ ਨਹੀਂ ਲੈ ਲੈਂਦੀ, ਜੋ ਪ੍ਰਦੂਸ਼ਣ ਦੀਆਂ ਚਿੰਤਾਵਾਂ ਨੂੰ ਲੈ ਕੇ ਮਈ 2018 ਤੋਂ ਬੰਦ ਹੈ।

ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਤਸਵੀਰ, ਇਕ ਐਂਬੂਲੈਂਸ 'ਚ ਲਿਜਾਈਆਂ ਗਈਆਂ 22 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ

ਨੋਟ :  ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News