ਓਨਾਵ ਰੇਪ : SC ਦਾ ਆਦੇਸ਼, 2 ਹਫਤਿਆਂ ''ਚ ਹਾਦਸੇ ਦੀ ਜਾਂਚ ਪੂਰੀ ਕਰੇ CBI
Monday, Aug 19, 2019 - 01:43 PM (IST)

ਨਵੀਂ ਦਿੱਲੀ— ਓਨਾਵ ਰੇਵ ਕੇਸ ਪੀੜਤਾ ਨਾਲ ਹੋਏ ਸੜਕ ਹਾਦਸੇ ਦੀ ਜਾਂਚ ਲਈ ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ 2 ਹਫਤਿਆਂ ਦਾ ਹੋਰ ਸਮਾਂ ਦਿੱਤਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਕ ਹਫਤੇ ਦੇ ਅੰਦਰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਸਨ। ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਸੀ.ਬੀ.ਆਈ. 2 ਹਫਤਿਆਂ ਅੰਦਰ ਇਸ ਮਾਮਲੇ ਦੀ ਜਾਂਚ ਪੂਰੀ ਕਰੇ। ਜ਼ਿਕਰਯੋਗ ਹੈ ਕਿ ਰਾਏਬਰੇਲੀ 'ਚ ਹੋਏ ਇਸ ਸੜਕ ਹਾਦਸੇ 'ਚ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ ਸੀ। ਉੱਥੇ ਹੀ ਇਸ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਪੀੜਤਾ ਅਤੇ ਉਨ੍ਹਾਂ ਦੇ ਵਕੀਲ ਦਾ ਦਿੱਲੀ ਏਮਜ਼ 'ਚ ਇਲਾਜ ਚੱਲ ਰਿਹਾ ਹੈ।
ਸੀ.ਬੀ.ਆਈ. ਨੂੰ ਮਿਲੀ 2 ਹਫਤਿਆਂ ਦੀ ਹੋਰ ਮੋਹਲਤ
ਦਰਅਸਲ ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਸਖਤ ਰੁਖ ਅਪਣਾਉਂਦੇ ਹੋਏ ਇਸ ਕੇਸ ਨਾਲ ਜੁੜੇ ਸਾਰੇ 5 ਮਾਮਲਿਆਂ ਨੂੰ ਦਿੱਲੀ ਟਰਾਂਸਫਰ ਕਰਨ ਦਾ ਨਿਰਦੇਸ਼ ਦਿੱਤਾ ਸੀ। ਸੁਪਰੀਮ ਕੋਰਟ ਨੇ ਇਸ ਦੇ ਨਾਲ ਹੀ ਕੇਸ ਦੀ ਰੋਜ਼ਾਨਾ ਸੁਣਵਾਈ ਕਰਦੇ ਹੋਏ 45 ਦਿਨਾਂ ਦੀ ਡੈੱਡਲਾਈਨ ਵੀ ਤੈਅ ਕਰ ਦਿੱਤੀ ਹੈ। ਇਸ ਤੋਂ ਬਾਅਦ ਹੀ ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ ਸੜਕ ਹਾਦਸੇ ਦੀ ਜਾਂਚ ਵੀ ਇਕ ਹਫਤੇ ਦੇ ਅੰਦਰ ਪੂਰੀ ਕਰਨ ਦਾ ਆਦੇਸ਼ ਦਿੱਤਾ। ਹੁਣ ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ 2 ਹਫਤਿਆਂ ਦੀ ਹੋਰ ਮੋਹਲਤ ਦੇ ਦਿੱਤੀ ਹੈ।
ਵਕੀਲ ਦੇ ਇਲਾਜ ਲਈ 5 ਲੱਖ ਰਾਸ਼ੀ ਦੇਣ ਦਾ ਆਦੇਸ਼
ਦੂਜੇ ਪਾਸੇ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਆਦੇਸ਼ ਦਿੱਤਾ ਕਿ ਉਹ ਵਕੀਲ ਨੂੰ ਉਨ੍ਹਾਂ ਦੇ ਇਲਾਜ ਲਈ ਖਰਚ ਲਈ 5 ਲੱਖ ਰੁਪਏ ਦੀ ਰਾਸ਼ੀ ਦੇਵੇ। ਵਕੀਲ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। ਇਸ ਤੋਂ ਇਲਾਵਾ ਕੋਰਟ ਨੇ ਓਨਾਵ ਰੇਪ ਪੀੜਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਉਹ ਪਬਲਿਕ ਸਟੇਟਮੈਂਟ ਦੇਣ ਤੋਂ ਪਰਹੇਜ਼ ਕਰਨ। ਕੋਰਟ ਨੇ ਕਿਹਾ ਕਿ ਅਜਿਹਾ (ਸਟੇਟਮੈਂਟ ਦੇ ਕੇ) ਕਰ ਕੇ ਉਹ ਇਕ ਤਰ੍ਹਾਂ ਨਾਲ ਦੋਸ਼ੀ ਦੀ ਮਦਦ ਕਰ ਰਹੇ ਹਨ। ਕੋਰਟ ਨੇ ਕਿਹਾ,''ਜੇਕਰ ਤੁਹਾਡਾ ਕੋਈ ਮੁੱਦਾ ਹੈ ਜਾਂ ਤੁਸੀਂ ਕੁਝ ਕਹਿਣਾ ਹੈ ਤਾਂ ਆਪਣੇ ਵਕੀਲ ਰਾਹੀਂ ਸਾਨੂੰ (ਸੁਪਰੀਮ ਕੋਰਟ) ਦੱਸੋ, ਅਸੀਂ ਉਸ 'ਤੇ ਵਿਚਾਰ ਕਰਾਂਗੇ।''
ਪੀੜਤਾ ਦਾ ਸੀ.ਬੀ.ਆਈ. ਤੋਂ ਉੱਠਿਆ ਵਿਸ਼ਵਾਸ
ਜ਼ਿਕਰਯੋਗ ਹੈ ਕਿ ਓਨਾਵ ਰੇਪ ਪੀੜਤਾ ਨੇ ਆਪਣੇ ਇਕ ਰਿਸ਼ਤੇਦਾਰ ਨੂੰ ਹਾਦਸੇ ਦੀ ਆਪਬੀਤੀ ਦੱਸੀ ਹੈ, ਜਿਸ 'ਚ ਉਸ ਨੇ ਦਾਅਵਾ ਕੀਤਾ ਕਿ ਟਰੱਕ ਚਾਲਕ ਨੇ ਸਾਹਮਣੇ ਤੋਂ ਆ ਕੇ ਉਨ੍ਹਾਂ ਦੀ ਕਾਰ ਨੂੰ ਕੁਚਲਿਆ ਸੀ। ਰਿਸ਼ਤੇਦਾਰ ਨੇ ਦਾਅਵਾ ਕੀਤਾ ਕਿ ਪੀੜਤਾ ਦਾ ਵਿਸ਼ਵਾਸ ਸੀ.ਬੀ.ਆਈ. ਤੋਂ ਉੱਠ ਗਿਆ ਹੈ, ਇਹੀ ਕਾਰਨ ਹੈ ਕਿ ਉਹ ਸੀ.ਬੀ.ਆਈ. ਅਧਿਕਾਰੀਆਂ ਨੂੰ ਨਹੀਂ ਮਿਲ ਰਹੀ ਹੈ ਅਤੇ ਨਾ ਹੀ ਬਿਆਨ ਦੇ ਰਹੀ ਹੈ। ਜੋ ਗੱਲਾਂ ਪੀੜਤਾ ਨੇ ਆਪਣੇ ਰਿਸ਼ਤੇਦਾਰ ਨੂੰ ਦੱਸੀਆਂ ਹਨ, ਉਸ ਬਾਰੇ ਵੀ ਹਾਲੇ ਸੀ.ਬੀ.ਆਈ. ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।