ਕੋਲਕਾਤਾ ਰੇਪ-ਕਤਲ ਮਾਮਲੇ 'ਚ ਸੁਪਰੀਮ ਕੋਰਟ ਨੇ ਲਿਆ ਨੋਟਿਸ, ਮੰਗਲਵਾਰ ਨੂੰ ਹੋਵੇਗੀ ਸੁਣਵਾਈ

Sunday, Aug 18, 2024 - 05:58 PM (IST)

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਇਕ ਸਿਖਿਆਰਥੀ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ 'ਚ ਖੁਦ ਨੋਟਿਸ ਲਿਆ ਹੈ। ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਗਈ 20 ਅਗਸਤ ਦੀ ਬਹਿਸ ਸੂਚੀ ਅਨੁਸਾਰ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ। ਕੋਲਕਾਤਾ ਹਾਈ ਕੋਰਟ ਨੇ ਹਾਲ ਹੀ ਵਿੱਚ ਇਸ ਮਾਮਲੇ ਦੀ ਜਾਂਚ ਕੋਲਕਾਤਾ ਪੁਲਸ ਤੋਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੀ ਸੀ। ਸਰਕਾਰੀ ਹਸਪਤਾਲ ਦੇ 'ਸੈਮੀਨਾਰ ਹਾਲ' 'ਚ 'ਜੂਨੀਅਰ ਡਾਕਟਰ' ਦੇ ਕਥਿਤ ਬਲਾਤਕਾਰ ਅਤੇ ਕਤਲ ਤੋਂ ਬਾਅਦ ਦੇਸ਼ ਭਰ 'ਚ ਵਿਆਪਕ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਦੱਸਣਯੋਗ ਹੈ ਕਿ ਪੋਸਟ-ਗ੍ਰੈਜੂਏਟ ਟ੍ਰੇਨੀ ਮਹਿਲਾ ਡਾਕਟਰ ਦੀ ਲਾਸ਼ 9 ਅਗਸਤ ਨੂੰ ਹਸਪਤਾਲ ਦੇ ਸੈਮੀਨਾਰ ਹਾਲ ਵਿਚੋਂ ਮਿਲੀ ਸੀ। ਇਸ ਮਾਮਲੇ ਵਿਚ ਅਗਲੇ ਦਿਨ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜੂਨੀਅਰ ਡਾਕਟਰਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ ਅਤੇ ਪੀੜਤਾ ਦੀ ਪੋਸਟਮਾਰਟਮ ਰਿਪੋਰਟ ਜਨਤਕ ਕੀਤੀ ਜਾਵੇ। 13 ਅਗਸਤ ਨੂੰ ਕਲਕੱਤਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਕੋਲਕਾਤਾ ਪੁਲਸ ਤੋਂ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਨੂੰ ਸੌਂਪਣ ਦਾ ਹੁਕਮ ਦਿੱਤਾ ਸੀ। ਸੀ. ਬੀ. ਆਈ ਨੇ 14 ਅਗਸਤ ਤੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਪੱਛਮੀ ਬੰਗਾਲ ਸਰਕਾਰ ਨੇ ਕੰਮ ਵਾਲੀਆਂ ਥਾਵਾਂ, ਖਾਸ ਕਰਕੇ ਸਰਕਾਰੀ ਹਸਪਤਾਲਾਂ ਜਿੱਥੇ ਉਨ੍ਹਾਂ ਨੂੰ ਰਾਤ ਦੀਆਂ ਸ਼ਿਫਟਾਂ 'ਚ ਵੀ ਕੰਮ ਕਰਨਾ ਪੈਂਦਾ ਹੈ, ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਕਦਮਾਂ ਦਾ ਐਲਾਨ ਕੀਤਾ ਹੈ।


Baljit Singh

Content Editor

Related News