ਬਿਹਾਰ ’ਚ ਉਪ ਚੋਣਾਂ ਮੁਲਤਵੀ ਕਰਾਉਣ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ’ਚ ਖਾਰਜ

Monday, Nov 11, 2024 - 07:55 PM (IST)

ਬਿਹਾਰ ’ਚ ਉਪ ਚੋਣਾਂ ਮੁਲਤਵੀ ਕਰਾਉਣ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ’ਚ ਖਾਰਜ

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਵੱਲੋਂ ਬਿਹਾਰ ਵਿਧਾਨ ਸਭਾ ਲਈ ਹੋਣ ਵਾਲੀਆਂ ਉਪ ਚੋਣਾਂ ਮੁਲਤਵੀ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਦੇ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਉੱਜਲ ਭੁਯਨ ਦੀ ਬੈਂਚ ਨੇ ਕਿਹਾ ਕਿ ਤੈਅ ਹੋ ਚੁੱਕੀਆਂ ਉਪ ਚੋਣਾਂ ’ਚ ਦਖਲ ਦੇਣ ਲਈ ਹੁਣ ਬਹੁਤ ਦੇਰ ਹੋ ਚੁੱਕੀ ਹੈ।

ਬਿਹਾਰ ਵਿਚ 13 ਨਵੰਬਰ ਨੂੰ ਚਾਰ ਸੀਟਾਂ ’ਤੇ ਵੋਟਾਂ ਪੈਣੀਆਂ ਹਨ। ਇਨ੍ਹਾਂ ਵਿਚ ਰਾਮਗੜ੍ਹ, ਤਰਾਰੀ, ਬੇਲਾਗੰਜ ਤੇ ਇਮਾਮਗੰਜ ਦੀਆਂ ਸੀਟਾਂ ਸ਼ਾਮਲ ਹਨ।

ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਕਿਹਾ ਸੀ ਕਿ ਉੱਤਰ ਪ੍ਰਦੇਸ਼, ਪੰਜਾਬ ਅਤੇ ਕੇਰਲ ਵਿਚ ਧਾਰਮਿਕ ਸਮਾਗਮਾਂ ਦਾ ਹਵਾਲਾ ਦੇ ਕੇ ਚੋਣਾਂ ਦੀਆਂ ਤਰੀਕਾਂ ਨੂੰ ਮੁਲਤਵੀ ਕੀਤਾ ਗਿਆ ਹੈ। ਹਾਲਾਂਕਿ ਬਿਹਾਰ ਵਿਚ ਛੱਠ ਪੂਜਾ ਦੇ ਬਾਵਜੂਦ ਅਜਿਹਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

ਸੁਪਰੀਮ ਕੋਰਟ ਨੇ ਕਿਹਾ ਕਿ ਹੋਰ ਸਿਆਸੀ ਪਾਰਟੀਆਂ ਨੂੰ ਕੋਈ ਸਮੱਸਿਆ ਨਹੀਂ ਹੈ। ਸਿਰਫ ਤੁਹਾਡੀ ਪਾਰਟੀ ਨੂੰ ਸਮੱਸਿਆ ਹੈ। ਤੁਸੀਂ ਇਕ ਨਵੀਂ ਸਿਆਸੀ ਪਾਰਟੀ ਹੋ। ਤੁਹਾਨੂੰ ਇਸ ਗੁੰਝਲਦਾਰ ਸਮੱਸਿਆ ਨੂੰ ਜਾਣਨਾ ਹੋਵੇਗਾ।


author

Rakesh

Content Editor

Related News