ਸੰਦੇਸ਼ਖਾਲੀ ਮਾਮਲੇ ’ਚ ਸੁਪਰੀਮ ਕੋਰਟ ਵਲੋਂ ਮਮਤਾ ਸਰਕਾਰ ਨੂੰ ਝਟਕਾ, CBI ਦੀ ਜਾਂਚ ਰੋਕਣ ਤੋਂ ਇਨਕਾਰ

03/12/2024 12:55:36 PM

ਨਵੀਂ ਦਿੱਲੀ, (ਭਾਸ਼ਾ)- ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ’ਚ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ ਦੀ ਟੀਮ ’ਤੇ 5 ਜਨਵਰੀ ਨੂੰ ਹੋਏ ਹਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦੇ ਕਲਕੱਤਾ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਮਮਤਾ ਸਰਕਾਰ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਸੋਮਵਾਰ ਰੱਦ ਕਰ ਦਿੱਤਾ।

ਜਸਟਿਸ ਬੀ. ਆਰ. ਗਵਈ ਤੇ ਸੰਦੀਪ ਮਹਿਤਾ ਦੇ ਬੈਂਚ ਨੇ ਪੱਛਮੀ ਬੰਗਾਲ ਪੁਲਸ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਜੈਦੀਪ ਗੁਪਤਾ ਨੂੰ ਕਈ ਸਵਾਲ ਪੁੱਛੇ। ਬੈਂਚ ਨੇ ਪੁੱਛਿਆ ਕਿ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਨੇਤਾ ਸ਼ਾਹਜਹਾਂ ਸ਼ੇਖ ਨੂੰ 5 ਜਨਵਰੀ ਦੇ ਹਮਲੇ ਤੋਂ ਬਾਅਦ ਤੁਰੰਤ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਮਾਮਲੇ ਦੀ ਜਾਂਚ ’ਚ ਦੇਰੀ ਕਿਉਂ ਕੀਤੀ ਗਈ?

ਦੂਜੇ ਪਾਸੇ ਸੀ. ਬੀ. ਆਈ. ਨੇ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਆਗੂ ਸ਼ਾਹਜਹਾਂ ਸ਼ੇਖ ਦੇ 9 ਕਰੀਬੀ ਸਹਿਯੋਗੀਆਂ ਨੂੰ ਸੰਮਨ ਭੇਜ ਕੇ ਆਉਂਦੇ ਸੋਮਵਾਰ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੂੰ ਸ਼ੱਕ ਹੈ ਕਿ ਇਹ 9 ਵਿਅਕਤੀ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ’ਤੇ ਹਮਲੇ ’ਚ ਕਥਿਤ ਤੌਰ ’ਤੇ ਸ਼ਾਮਲ ਸਨ।

ਤ੍ਰਿਣਮੂਲ ਨੇਤਾ ਸ਼ੰਕਰ ਆਧਿਆ ਦੇ ਘਰ ਸੀ. ਬੀ. ਆਈ. ਨੇ ਛਾਪਾ ਮਾਰਿਆ

ਸੀ. ਬੀ. ਆਈ. ਨੇ ਸੋਮਵਾਰ ਉੱਤਰੀ 24 ਪਰਗਨਾ ਦੇ ਬੋਨਗਾਂਵ ’ਚ ਤ੍ਰਿਣਮੂਲ ਕਾਂਗਰਸ ਦੇ ਗ੍ਰਿਫਤਾਰ ਨੇਤਾ ਸ਼ੰਕਰ ਆਧਿਆ ਦੇ ਘਰ ਛਾਪਾ ਮਾਰਿਆ। ਸੀ. ਬੀ. ਆਈ. ਕੇਂਦਰੀ ਫਾਰੈਂਸਿਕ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਈ. ਡੀ. ਦੇ ਅਧਿਕਾਰੀਆਂ ’ਤੇ 5 ਜਨਵਰੀ ਨੂੰ ਹੋਏ ਹਮਲੇ ਦੀ ਮੁੜ ਜਾਂਚ ਕਰ ਰਹੀ ਹੈ। ਬੰਗਾਂਵ ਨਗਰਪਾਲਿਕਾ ਦੇ ਸਾਬਕਾ ਚੇਅਰਮੈਨ ਸ਼ੰਕਰ ਆਧਿਆ ਗ੍ਰਿਫਤਾਰ ਹੋਏ ਸਾਬਕਾ ਖੁਰਾਕ ਮੰਤਰੀ ਜਯੋਤੀਪ੍ਰਿਆ ਮਲਿਕ ਦੇ ਕਰੀਬੀ ਹਨ।


Rakesh

Content Editor

Related News