ਚਿਦਾਂਬਰਮ ਨੂੰ SC ਤੋਂ ਰਾਹਤ ਨਹੀਂ, ਚੀਫ ਜਸਟਿਸ ਦੇ ਸਾਹਮਣੇ ਜਾਵੇਗਾ ਮਾਮਲਾ

Wednesday, Aug 21, 2019 - 01:39 PM (IST)

ਚਿਦਾਂਬਰਮ ਨੂੰ SC ਤੋਂ ਰਾਹਤ ਨਹੀਂ, ਚੀਫ ਜਸਟਿਸ ਦੇ ਸਾਹਮਣੇ ਜਾਵੇਗਾ ਮਾਮਲਾ

ਨਵੀਂ ਦਿੱਲੀ— ਆਈ.ਐੱਨ.ਐਕਸ. ਮੀਡੀਆ ਮਾਮਲੇ 'ਚ ਗ੍ਰਿਫਤਾਰੀ ਦੇ ਖਤਰੇ ਦਾ ਸਾਹਮਣਾ ਕਰ ਰਹੇ ਸੀਨੀਅਰ ਕਾਂਗਰਸ ਨੇਤਾ ਪੀ. ਚਿਦਾਂਬਰਮ ਨੂੰ ਬੁੱਧਵਾਰ ਨੂੰ ਸੁਪਰੀਮ ਕੋਰਟ ਤੋਂ ਤੁਰੰਤ ਕੋਈ ਰਾਹਤ ਨਹੀਂ ਮਿਲੀ। ਕੋਰਟ ਦੀ ਬੈਂਚ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਦੀ ਪਟੀਸ਼ਨ ਤੁਰੰਤ ਸੂਚੀਬੱਧ ਕੀਤੇ ਜਾਣ 'ਤੇ ਵਿਚਾਰ ਹੇਤੂ ਚੀਫ ਜਸਟਿਸ ਦੇ ਸਾਹਮਣੇ ਰੱਖੀ ਜਾਵੇਗੀ। ਚਿਦਾਂਬਰਮ ਦੀ ਗ੍ਰਿਫਤਾਰੀ ਤੋਂ ਰਾਹਤ ਦੀ ਮੰਗ ਕਰਨ ਵਾਲੀ ਪਟੀਸ਼ਨ ਜੱਜ ਐੱਨ.ਵੀ. ਰਮਨ, ਜੱਜ ਐੱਮ. ਸ਼ਾਂਤਾਨਾਗੌਦਰ ਅਤੇ ਜੱਜ ਅਜੇ ਰਸਤੋਗੀ ਦੀ ਬੈਂਚ ਦੇ ਸਾਹਮਣੇ ਆਈ। ਇਸ 'ਤੇ ਬੈਂਚ ਨੇ ਕਿਹਾ ਕਿ ਮਾਮਲੇ ਨੂੰ ਚੀਫ ਜਸਟਿਸ ਰੰਜਨ ਗੋਗੋਈ ਦੇ ਸਾਹਮਣੇ ਰੱਖਿਆ ਜਾਵੇਗਾ। ਬੈਂਚ ਨੇ ਚਿਦਾਂਬਰਮ ਦੇ ਵਕੀਲ ਅਤੇ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੂੰ ਕਿਹਾ,''ਮੈਂ ਇਸ ਨੂੰ ਭਾਰਤ ਦੇ ਚੀਫ ਜਸਟਿਸ ਕੋਲ ਭੇਜ ਰਿਹਾ ਹਾਂ। ਉਹ ਆਦੇਸ਼ ਦੇਣਗੇ।''

ਸੀ.ਬੀ.ਆਈ. ਅਤੇ ਈ.ਡੀ. ਵਲੋਂ ਪੇਸ਼ ਸਾਲੀਸਿਟਰ ਜਨਰਲ ਤੂਸ਼ਾਰ ਮੇਹਤਾ ਨੇ ਬੈਂਚ ਨੂੰ ਕਿਹਾ ਕਿ ਇਹ ਵੱਡੇ ਪੈਮਾਨੇ 'ਤੇ ਧਨ ਸੋਧ ਦਾ ਮਾਮਲਾ ਹੈ। ਮੇਹਤਾ ਦੇ ਇਕ ਸੀਨੀਅਰ ਸਹਾਇਕ ਨੇ ਕਿਹਾ,''ਅਸੀਂ ਚਿਦਾਂਬਰਮ ਦੇ ਕਿਸੇ ਵੀ ਕਦਮ ਦਾ ਵਿਰੋਧ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।'' ਸਿੱਬਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਹਾਈ ਕੋਰਟ ਨੇ ਮੰਗਲਵਾਰ ਨੂੰ ਚਿਦਾਂਬਰਮ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਆਈ.ਐੱਨ.ਐਕਸ. ਮਾਮਲੇ 'ਚ ਸੀ.ਬੀ.ਆਈ. ਅਤੇ ਈ.ਡੀ. ਵਲੋਂ ਦਰਜ ਮਾਮਲੇ 'ਚ ਚਿਦਾਂਬਰਮ ਨੂੰ ਇਕ ਸਾਲ ਤੋਂ ਵਧ ਸਮੇਂ ਤੋਂ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਜਾ ਰਹੀ ਹੈ। ਸਿੱਬਲ ਨੇ ਕਿਹਾ ਕਿ ਹਾਈ ਕੋਰਟ ਨੇ ਚਿਦਾਂਬਰਮ ਨੂੰ ਗ੍ਰਿਫਤਾਰੀ ਤੋਂ ਕਿਸੇ ਤਰ੍ਹਾਂ ਦੀ ਛੋਟ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। 

ਸਿੱਬਲ ਨੇ ਕਿਹਾ,''ਮਾਮਲੇ ਦੀ ਸੁਣਵਾਈ ਹੋਣੀ ਚਾਹੀਦੀ ਹੈ।'' ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮੁਵਕਿਲ (ਚਿਦਾਂਬਰਮ) ਨੂੰ ਇਸ ਦਰਮਿਆਨ ਗ੍ਰਿਫਤਾਰ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਇਹ ਵੀ ਕਿਹਾ ਕਿ ਬੁੱਧਵਾਰ ਤੜਕੇ 2 ਵਜੇ ਜਾਂਚ ਏਜੰਸੀਆਂ ਨੇ ਚਿਦਾਂਬਰਮ ਦੇ ਘਰ ਇਕ ਨੋਟਿਸ ਲੱਗਾ ਦਿੱਤਾ, ਜਿਸ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ 2 ਘੰਟਿਆਂ ਦੇ ਅੰਦਰ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣਾ ਹੈ। ਜਦੋਂ ਸਿੱਬਲ ਨੇ ਕਿਹਾ ਕਿ ਉਨ੍ਹਾਂ ਦੀ ਪਟੀਸ਼ਨ ਰਜਿਸਟਰੀ 'ਚ ਨਾਮਜ਼ਦ ਹੋ ਗਈ ਹੈ, ਉਦੋਂ ਬੈਂਚ ਨੇ ਕਿਹਾ,''ਇਹ ਸਾਰੀਆਂ ਰਸਮਾਂ ਪੂਰੀਆਂ ਕਰੋ।'' ਜ਼ਿਕਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਚਿਦਾਂਬਰਮ ਨੂੰ ਆਈ.ਐੱਨ.ਐਕਸ. ਮੀਡੀਆ 'ਚ ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਗ੍ਰਿਫ਼ਤਾਰੀ ਤੋਂ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ।


author

DIsha

Content Editor

Related News