ਮਾਮਲਾ ਗਲਤ ਤਰੀਕੇ ਨਾਲ ਵਾਲ ਕੱਟਣ ਦਾ : ਮਾਡਲ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਦਾ ਹੁਕਮ ਰੱਦ
Thursday, Feb 09, 2023 - 12:23 PM (IST)
ਨਵੀਂ ਦਿੱਲੀ, (ਭਾਸ਼ਾ)- 2018 ’ਚ ਇੱਥੇ ਇਕ ਹੋਟਲ ਦੇ ਸੈਲੂਨ ’ਚ ਗਲਤ ਤਰੀਕੇ ਨਾਲ ਵਾਲ ਕੱਟਣ ਕਾਰਨ ਹੋਏ ਸਰੀਰਕ ਅਤੇ ਆਮਦਨ ਦੇ ਨੁਕਸਾਨ ਲਈ ਇਕ ਮਾਡਲ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੇ ਰਾਸ਼ਟਰੀ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ (ਐੱਨ. ਸੀ. ਡੀ.ਆਰ. ਸੀ.) ਦੇ ਹੁਕਮ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ।
ਅਦਾਲਤ ਨੇ ਬੁੱਧਵਾਰ ਕਿਹਾ ਕਿ ਉਹ ਆਈ.ਟੀ. ਸੀ. ਮੌਰਿਆ ਵਿਖੇ ਸੈਲੂਨ ਵਲੋਂ ‘ਸੇਵਾ ਵਿੱਚ ਕਮੀ’ ਬਾਰੇ ਕਮਿਸ਼ਨ ਦੇ ਸਿੱਟਿਆਂ ਵਿੱਚ ਦਖਲ ਨਹੀਂ ਦੇਣਾ ਚਾਹੁੰਦੀ। ਉਸ ਨੇ ਔਰਤ ਨੂੰ ਮੁਆਵਜ਼ੇ ਲਈ ਆਪਣੇ ਦਾਅਵੇ ਦੇ ਸਮਰਥਨ ਵਿੱਚ ਸਬੂਤ ਪੇਸ਼ ਕਰਨ ਦਾ ਮੌਕਾ ਦੇਣ ਲਈ ਮਾਮਲਾ ਐਨ. ਸੀ. ਡੀ. ਆਰ. ਸੀ. ਕੋਲ ਭੇਜ ਦਿੱਤਾ।
ਇਸ ਵਿਚ ਕਿਹਾ ਗਿਆ ਹੈ ਕਿ ਐਨ. ਸੀ. ਡੀ. ਆਰ. ਸੀ. ਇਸ ਤੋਂ ਬਾਅਦ ਰਿਕਾਰਡ ਵਿਚ ਦਰਜ ਸਮੱਗਰੀ ਅਨੁਸਾਰ ਮੁਆਵਜ਼ੇ ਦੀ ਮਾਤਰਾ ਬਾਰੇ ਨਵਾਂ ਫੈਸਲਾ ਲੈ ਸਕਦਾ ਹੈ।
ਜਸਟਿਸ ਅਨਿਰੁਧ ਬੋਸ ਅਤੇ ਜਸਟਿਸ ਵਿਕਰਮ ਨਾਥ ਦੀ ਬੈਂਚ ਨੇ ਆਸ਼ਨਾ ਰਾਏ ਦੀ ਸ਼ਿਕਾਇਤ 'ਤੇ ਐੱਨ.ਸੀ.ਡੀ.ਆਰ.ਸੀ. ਦੇ ਸਤੰਬਰ 2021 ਦੇ ਆਦੇਸ਼ ਵਿਰੁੱਧ ਆਈ.ਟੀ.ਸੀ. ਲਿਮਟਿਡ ਦੀ ਪਟੀਸ਼ਨ ’ਤੇ ਇਹ ਫੈਸਲਾ ਸੁਣਾਇਆ।