ਚੰਡੀਗੜ੍ਹ ਮੇਅਰ ਚੋਣ ਵਿਵਾਦ : ਭਾਜਪਾ ਨੂੰ ਲੱਗਾ ਵੱਡਾ ਝਟਕਾ, CJI ਨੇ 8 ਅਯੋਗ ਵੋਟਾਂ ਦੀ ਮੁੜ ਗਿਣਤੀ ਦੇ ਦਿੱਤੇ ਹੁਕਮ

Tuesday, Feb 20, 2024 - 03:47 PM (IST)

ਚੰਡੀਗੜ੍ਹ ਮੇਅਰ ਚੋਣ ਵਿਵਾਦ : ਭਾਜਪਾ ਨੂੰ ਲੱਗਾ ਵੱਡਾ ਝਟਕਾ, CJI ਨੇ 8 ਅਯੋਗ ਵੋਟਾਂ ਦੀ ਮੁੜ ਗਿਣਤੀ ਦੇ ਦਿੱਤੇ ਹੁਕਮ

ਨਵੀਂ ਦਿੱਲੀ- ਚੰਡੀਗੜ੍ਹ ਮੇਅਰ ਚੋਣ ਵਿਵਾਦ 'ਚ ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਰਿਟਰਨਿੰਗ ਅਫਸਰ ਅਨਿਲ ਮਸੀਹ ਨੂੰ ਸਖ਼ਤ ਫਟਕਾਰ ਲਗਾਈ। ਚੀਫ ਜਸਟਿਸ ਡੀ.ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਭਾਜਪਾ ਅਤੇ 'ਆਪ' ਵਿਚਾਲੇ ਵਿਵਾਦ 'ਚ 8 ਰੱਦ ਕੀਤੀਆਂ ਗਈਆਂ ਵੋਟਾਂ ਦੀ ਜਾਂਚ ਕੀਤੀ। ਅਦਾਲਤ ਨੇ ਕਿਹਾ ਕਿ ਇਨ੍ਹਾਂ ਵੋਟਾਂ ਦੀ ਗਿਣਤੀ ਦੁਬਾਰਾਂ ਕਰਵਾਈ ਜਾਵੇਗੀ। 

ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਨਿਯੁਕਤ ਇੱਕ ਨਿਆਂਇਕ ਅਧਿਕਾਰੀ ਨੇ ਬੈਲਟ ਪੇਪਰਾਂ ਸਮੇਤ ਰਿਕਾਰਡ ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ।  ਸੀ.ਜੇ.ਆਈ. ਨੇ ਰਿਟਰਨਿੰਗ ਅਫਸਰ ਤੋਂ 8 ਬੈਲਟ ਪੇਪਰ ਮੰਗੇ ਅਤੇ ਕਿਹਾ ਕਿ ਉਹ 8 ਅਯੋਗ ਬੈਲਟ ਪੇਪਰ ਦੇਖਣਾ ਚਾਹੁੰਦੇ ਹਨ, ਜਿਸ ਤੋਂ ਬਾਅਦ ਬੈਲਟ ਪੇਪਰ ਅਦਾਲਤ ਨੂੰ ਦਿੱਤੇ ਗਏ। ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ‘ਆਪ’ ਦੇ ਕੁਲਦੀਪ ਕੁਮਾਰ ਨੂੰ 8 ਬੈਲਟ ਪੇਪਰਾਂ ਵਿੱਚ ਵੋਟਾਂ ਪਈਆਂ ਸਨ। ਅਦਾਲਤ ਨੇ ਸਾਰੀਆਂ ਧਿਰਾਂ ਨੂੰ ਬੈਲਟ ਪੇਪਰ ਦੇਖਣ ਦੀ ਇਜਾਜ਼ਤ ਦਿੱਤੀ, ਜਿਸ ਤੋਂ ਬਾਅਦ ਮਸੀਹ ਅਤੇ ਉਨ੍ਹਾਂ ਦੇ ਵਕੀਲ ਮੁਕੁਲ ਰੋਹਤਗੀ ਨੇ ਵੀ ਉਨ੍ਹਾਂ ਨੂੰ ਦੇਖਿਆ। ਇਸ ਦੌਰਾਨ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਇਸ ਨੂੰ ਅਦਾਲਤ ਦਾ ਅਪਮਾਨ ਦੱਸਿਆ ਅਤੇ ਇਸ ਨੂੰ ਘਿਨੌਣਾ ਅਪਰਾਧ ਕਰਾਰ ਦਿੱਤਾ। ਇਸ ਦੇ ਨਾਲ ਹੀ ਚੀਫ਼ ਜਸਟਿਸ ਨੇ ਸੁਝਾਅ ਦਿੱਤਾ ਕਿ 8 ਅਯੋਗ ਵੋਟਾਂ ਨੂੰ ਵੀ ਜਾਇਜ਼ ਮੰਨਿਆ ਜਾਵੇ ਅਤੇ ਮੁੜ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇ।

ਬੈਲਟ ਪੇਪਰ ਨਾਲ ਛੇੜਛਾੜ ਦਾ ਲੱਗਾ ਸੀ ਦੋਸ਼ 

ਦੱਸ ਦੇਈਏ ਕਿ ਚੰਡੀਗੜ੍ਹ ਮੇਅਰ ਦੀ ਚੋਣ ਭਾਜਪਾ ਦੇ ਮਨੋਜ ਸੋਨਕਰ ਨੇ 16 ਵੋਟਾਂ ਨਾਲ ਜਿੱਤੀ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ-ਕਾਂਗਰਸ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਹਰਾਇਆ, ਜਿਨ੍ਹਾਂ ਨੂੰ 12 ਵੋਟਾਂ ਮਿਲੀਆਂ। ਇਸ ਮਾਮਲੇ ਵਿੱਚ ਉਦੋਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੇ ਗਠਜੋੜ ਦੇ ਭਾਈਵਾਲਾਂ ਦੀਆਂ ਅੱਠ ਵੋਟਾਂ ਨੂੰ ਅਯੋਗ ਕਰਾਰ ਦੇ ਦਿੱਤਾ। ਜਿਸ ਤੋਂ ਬਾਅਦ ਬੈਲਟ ਪੇਪਰ ਵਿੱਚ ਛੇੜਛਾੜ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ।

ਆਮ ਆਦਮੀ ਪਾਰਟੀ-ਕਾਂਗਰਸ ਗਠਜੋੜ ਦੀ ਹੋਵੇਗੀ ਜਿੱਤ 

ਮੇਅਰ ਚੋਣਾਂ ਵਿੱਚ ਇਨ੍ਹਾਂ ਵੋਟਾਂ ਦੀ ਮੁੜ ਗਿਣਤੀ ਤੋਂ ਬਾਅਦ ਮੇਅਰ ਦੇ ਅਹੁਦੇ ਦੀ ਦੌੜ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਨੂੰ ਸਪੱਸ਼ਟ ਜਿੱਤ ਮਿਲੇਗੀ। ਇਹ ਸਾਰੀਆਂ ਵੋਟਾਂ ਬਿਨਾਂ ਕਿਸੇ ਠੋਸ ਕਾਰਨ ਦੇ ਰੱਦ ਕਰ ਦਿੱਤੀਆਂ ਗਈਆਂ ਸਨ। 


author

Rakesh

Content Editor

Related News