ਆਪਰੇਸ਼ਨ ਸਿੰਦੂਰ ਦੇ ਨਾਂ ''ਤੇ ਬਚਣਾ ਚਾਹੁੰਦਾ ਸੀ ਪਤਨੀ ਦੇ ਕਤਲ ਦਾ ਦੋਸ਼ੀ, SC ਨੇ ਆਖ਼ੀ ਇਹ ਗੱਲ

Tuesday, Jun 24, 2025 - 06:05 PM (IST)

ਆਪਰੇਸ਼ਨ ਸਿੰਦੂਰ ਦੇ ਨਾਂ ''ਤੇ ਬਚਣਾ ਚਾਹੁੰਦਾ ਸੀ ਪਤਨੀ ਦੇ ਕਤਲ ਦਾ ਦੋਸ਼ੀ, SC ਨੇ ਆਖ਼ੀ ਇਹ ਗੱਲ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਦਾਜ ਲਈ ਪਤਨੀ ਦੇ ਕਤਲ ਮਾਮਲੇ 'ਚ ਦੋਸ਼ੀ ਨੂੰ ਆਤਮ ਸਮਰਪਣ ਦੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ। ਦੋਸ਼ੀ ਬਲਜਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਹ ਪਿਛਲੇ 20 ਸਾਲਾਂ ਤੋਂ ਰਾਸ਼ਟਰੀ ਰਾਈਫਲਜ਼ 'ਚ ਬਲੈਕ ਕੈਟ ਕਮਾਂਡੋ ਹੈ ਅਤੇ 'ਆਪਰੇਸ਼ਨ ਸਿੰਦੂਰ' 'ਚ ਵੀ ਸ਼ਾਮਲ ਰਿਹਾ ਹੈ, ਇਸ ਲਈ ਉਸ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇ ਪਰ ਸੁਪਰੀਮ ਕੋਰਟ ਨੇ ਉਸ ਦੀ ਇਹ ਮੰਗ ਠੁਕਰਾ ਦਿੱਤੀ। ਜੱਜ ਉੱਜਲ ਭੂਈਆਂ ਅਤੇ ਜੱਜ ਵਿਨੋਦ ਚੰਦਰਨ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਬਲਜਿੰਦਰ ਸਿੰਘ ਨੇ ਇਹ ਅਪੀਲ ਪੰਜਾਬ ਅਤੇ ਹਰਿਆਣ ਹਾਈ ਕੋਰਟ ਦੇ ਉਸ ਫ਼ੈਸਲਾ ਖ਼ਿਲਾਫ਼ ਕੀਤੀ ਸੀ, ਜਿਸ 'ਚ ਉਸ ਦੀ 10 ਸਾਲ ਦੀ ਸਜ਼ਾ ਬਰਕਰਾਰ ਰੱਖੀ ਗਈ ਸੀ। ਸੁਪਰੀਮ ਕੋਰਟ ਨੇ ਸਾਫ਼ ਕਿਹਾ ਕਿ ਇਹ ਕੋਈ ਆਮ ਮਾਮਲਾ ਨਹੀਂ ਹੈ ਸਗੋਂ ਇਕ ਗੰਭੀਰ ਅਤੇ ਅਣਮਨੁੱਖੀ ਕਤਲ ਦਾ ਮਾਮਲਾ ਹੈ, ਇਸ ਲਈ ਕੋਈ ਰਾਹਤ ਨਹੀਂ ਦਿੱਤੀ ਜਾ ਸਕਦੀ। 

ਪਟੀਸ਼ਨਕਰਤਾ ਵਲੋਂ ਪੇਸ਼ ਸੀਨੀਅਰ ਐਡਵੋਕੇਟ ਵਿਕਰਮ ਚੌਧਰੀ ਨੇ ਕਿਹਾ ਕਿ ਵਿਅਕਤੀ ਨੇ ਆਪਰੇਸ਼ਨ ਸਿੰਦੂਰ 'ਚ ਹਿੱਸਾ ਲਿਆ ਸੀ। ਉਨ੍ਹਾਂ ਕਿਹਾ,''ਪਿਛਲੇ 20 ਸਾਲਾਂ 'ਚ ਮੈਂ ਰਾਸ਼ਟਰੀ ਰਾਈਫਲਜ਼ 'ਚ ਬਲੈਕ ਕੈਟ ਕਮਾਂਡੋ ਵਜੋਂ ਤਾਇਨਾਤ ਹਾਂ।'' ਉਦੋਂ ਬੈਂਚ ਨੇ ਕਿਹਾ,''ਇਸ ਨਾਲ ਤੁਹਾਨੂੰ ਘਰ 'ਤੇ ਅੱਤਿਆਚਾਰ ਕਰਨ ਦੀ ਛੋਟ ਮਿਲ ਜਾਂਦੀ ਹੈ। ਇਹ ਤਾਂ ਦਿੱਸਦਾ ਹੈ ਕਿ ਦੋਸ਼ੀ ਸਰੀਰਕ ਰੂਪ ਨਾਲ ਕਿੰਨਾ ਸਮਰੱਥ ਸੀ ਅਤੇ ਕਿਸ ਤਰ੍ਹਾਂ ਨਾਲ ਪਤਨੀ ਦਾ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ। ਬੈਂਚ ਨੇ ਕਿਹਾ ਕਿ ਉਹ 6 ਮਹੀਨੇ ਜਾਂ 1 ਸਾਲ ਦੀ ਸਜ਼ਾ ਵਰਗਾ ਮਾਮਲਾ ਨਹੀਂ ਹੈ, ਜਿੱਥੇ ਛੋਟ ਦਿੱਤੀ ਜਾ ਸਕੇ। ਜੱਜ ਚੰਦਰਨ ਨੇ ਕਿਹਾ,''ਹਾਈ ਕੋਰਟ ਨੇ ਤੁਹਾਡੀ ਅਪੀਲ ਖਾਰਜ ਕਰ ਦਿੱਤੀ ਹੈ। ਤੁਸੀਂ ਸੁਪਰੀਮ ਕੋਰਟ 'ਚ ਸਿਰਫ਼ ਵਿਸ਼ੇਸ਼ ਮਨਜ਼ੂਰੀ ਲਈ ਆਏ ਹੋ। ਅਸੀਂ ਤੁਹਾਨੂੰ ਸਰੰਡਰ ਤੋਂ ਛੋਟ ਨਹੀਂ ਦੇਵਾਂਗੇ।''  ਜੁਲਾਈ 2004 'ਚ ਅੰਮ੍ਰਿਤਸਰ ਦੀ ਅਦਾਲਤ ਨੇ ਪਟੀਸ਼ਨਕਰਤਾ ਬਲਜਿੰਦਰ ਸਿੰਘ ਨੂੰ ਵਿਆਹ ਦੇ 2 ਸਾਲਾਂ ਅੰਦਰ ਆਪਣੀ ਪਤਨੀ ਦੀ ਮੌਤ ਲਈ ਧਾਰਾ 304-ਬੀ ਆਈਪੀਸੀ ਦੇ ਅਧੀਨ ਦੋਸ਼ੀ ਠਹਿਰਾਇਆ। ਇਸ ਗੱਲ ਦੀ ਗਵਾਹੀ ਮ੍ਰਿਤਕਾ ਦੇ ਭਰਾ ਅਤੇ ਉਸ ਦੀ ਪਤਨੀ ਨੇ ਦਿੱਤੀ। 

ਭਰਾ ਨੇ ਪੁਲਸ ਨੂੰ ਦੱਸਿਆ ਕਿ 18 ਜੁਲਾਈ 2002 ਨੂੰ ਸਵੇਰੇ 9 ਵਜੇ ਉਹ ਭੈਣ ਦੇ ਸਹੁਰੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਪਤੀ (ਦੋਸ਼ੀ) ਅਤੇ ਸਹੁਰੇ ਨੇ ਕੱਪੜੇ ਨਾਲ ਨੂੰਹ ਦਾ ਗਲ਼ਾ ਘੁੱਟ ਦਿੱਤਾ। ਇਸ ਦੌਰਾਨ ਸੱਸ ਅਤੇ ਨਨਾਣ ਨੇ ਉਸ ਦੇ ਹੱਥ-ਪੈਰ ਫੜ੍ਹੇ ਹੋਏ ਸਨ। ਇਹ ਹਾਦਸਾ ਦੇਖ ਕੇ ਭਰਾ ਨੇ ਰੌਲਾ ਪਾਇਆ ਤਾਂ ਸਾਰੇ ਦੋਸ਼ੀ ਦੌੜ ਗਏ ਪਰ ਉਦੋਂ ਤੱਕ ਉਸ ਦੀ ਭੈਣ ਦੀ ਮੌਤ ਹੋ ਗਈ ਸੀ। ਹੇਠਲੀ ਅਦਾਲਤ ਨੇ ਦੋਸ਼ੀ ਪਰਿਵਾਰ ਦੇ ਚਾਰੇ ਮੈਂਬਰਾਂ ਨੂੰ ਬਰੀ ਕਰ ਦਿੱਤਾ ਸੀ ਪਰ ਪਤੀ ਨੂੰ ਦੋਸ਼ੀ ਠਹਿਰਾਇਆ। ਹਾਈ ਕੋਰਟ ਨੇ ਅਪੀਲ ਪੈਂਡਿੰਗ ਰਹਿਣ ਤੱਕ ਉਸ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ, ਜਿਸ ਕਾਰਨ ਉਹ ਕਰੀਬ 17 ਸਾਲਾਂ ਤੋਂ ਜੇਲ੍ਹ ਤੋਂ ਬਾਹਰ ਸੀ। ਮਈ 2025 'ਚ ਹਾਈ ਕੋਰਟ ਨੇ ਅੰਤਿਮ ਫੈਸਲਾ ਦਿੰਦੇ ਹੋਏ ਉਸ ਦੀ ਅਪੀਲ ਖਾਰਜ ਕਰ ਦਿੱਤੀ ਅਤੇ ਸਜ਼ਾ ਬਹਾਲ ਰੱਖੀ। ਹਾਈ ਕੋਰਟ ਨੇ ਆਪਣੇ ਫ਼ੈਸਲੇ 'ਚ ਕਿਹਾ ਸੀ,''ਇਹ ਮਾਮਲਾ ਵਿਵਾਹਿਕ ਜੀਵਨ 'ਚ ਦਾਜ ਦੀ ਮੰਗ ਨੂੰ ਲੈ ਕੇ ਔਰਤ ਦੇ ਉਤਪੀੜਨ ਅਤੇ ਗਲ਼ਾ ਘੁੱਟ ਕੇ ਕਤਲ ਨਾਲ ਸੰਬੰਧਤ ਹੈ।'' 

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News