''''ਇਕ-ਦੂਜੇ ਨੂੰ ਮੁਆਫ਼ ਕਰੋ ਤੇ ਅੱਗੇ ਵਧੋ'''', ਪਾਇਲਟ ਤੇ ਉਸ ਦੀ ਪਤਨੀ ਨੂੰ SC ਦੀ ''ਸਲਾਹ''
Saturday, Jul 26, 2025 - 03:03 PM (IST)

ਨਵੀਂ ਦਿੱਲੀ- ਸੁਪਰੀਮ ਕੋਰਟ ਨੇ 2019 ਦੇ ਬਾਲਾਕੋਟ ਹਮਲੇ 'ਚ ਸ਼ਾਮਲ ਰਹੇ ਇਕ ਲੜਾਕੂ ਪਾਇਲਟ ਅਤੇ ਉਸ ਦੀ ਪਤਨੀ ਵਿਚਾਲੇ ਵਿਵਾਦ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਜੋੜੇ ਨੂੰ "ਇੱਕ ਦੂਜੇ ਨੂੰ ਮੁਆਫ਼ ਕਰਨ ਅਤੇ ਅੱਗੇ ਵਧਣ" ਲਈ ਕਿਹਾ। ਪੁਲਵਾਮਾ 'ਚ 14 ਫਰਵਰੀ 2019 ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਨੇ ਇਕ ਹਵਾਈ ਹਮਲਾ ਕੀਤਾ ਅਤੇ ਪਾਕਿਸਤਾਨ ਦੇ ਬਾਲਾਕੋਟ 'ਚ ਮੌਜੂਦ ਅੱਤਵਾਦੀਆਂ ਦੇ ਕੈਂਪਾਂ ਨੂੰ ਤਬਾਹ ਕਰ ਦਿੱਤਾ। ਜਸਟਿਸ ਪੀਐੱਸ ਨਰਸਿਮਹਾ ਅਤੇ ਅਤੁਲ ਐਸ ਚੰਦੂਰਕਰ ਦੇ ਬੈਂਚ ਨੇ ਜੋੜੇ ਨੂੰ ਆਪਣੇ ਵਿਵਾਦ ਨੂੰ ਦੋਸਤਾਨਾ ਢੰਗ ਨਾਲ ਹੱਲ ਕਰਨ ਲਈ ਕਿਹਾ।
ਬੈਂਚ ਨੇ ਹਵਾਈ ਸੈਨਾ ਅਧਿਕਾਰੀ ਦੀ ਪਟੀਸ਼ਨ 'ਤੇ ਨੋਟਿਸ ਜਾਰੀ ਕਰਦੇ ਹੋਏ ਕਿਹਾ,"ਬਦਲੇ ਦੀ ਭਾਵਨਾ ਨਾਲ ਜ਼ਿੰਦਗੀ ਨਾ ਜੀਓ। ਤੁਸੀਂ ਦੋਵੇਂ ਜਵਾਨ ਹੋ ਅਤੇ ਤੁਹਾਡੇ ਸਾਹਮਣੇ ਇਕ ਲੰਬੀ ਜ਼ਿੰਦਗੀ ਹੈ। ਤੁਹਾਨੂੰ ਇਕ ਚੰਗੀ ਜ਼ਿੰਦਗੀ ਜਿਊਂਣੀ ਚਾਹੀਦੀ ਹੈ।" ਬੈਂਚ ਨੇ ਕਿਹਾ,"ਤੁਸੀਂ ਇਕ-ਦੂਜੇ ਨੂੰ ਮੁਆਫ਼ ਕਰ ਦਿਓ (ਗੱਲਾਂ ਨੂੰ) ਭੁੱਲ ਜਾਓ ਅਤੇ ਅੱਗੇ ਵਧੋ।" ਅਧਿਕਾਰੀ ਨੇ ਆਈਆਈਐੱਮ ਗਰੈਜੂਏਟ ਆਪਣੀ ਪਤਨੀ ਵਲੋਂ ਉਸ ਦੇ ਖ਼ਿਲਾਫ਼ ਦਰਜ ਕਰਵਾਈ ਗਈ ਐੱਫ.ਆਈ.ਆਰ. ਨੂੰ ਰੱਦ ਕੀਤੇ ਜਾਣ ਦੀ ਅਪੀਲ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ। ਪਾਇਲਟ ਨੇ ਦਲੀਲ ਦਿੱਤੀ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਉਸ ਦੀ ਪਤਨੀ ਅਤੇ ਸਹੁਰੇ ਕਾਰਨ ਲਗਾਤਾਰ ਮਾਨਸਿਕ ਉਤਪੀੜਨ ਝੱਲਣਾ ਪੈ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐੱਫਆਈਆਰ ਰੱਦ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਪਾਇਲਟ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8