ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਮਾਨਸੂਨ ਸੈਸ਼ਨ, ਪਹਿਲਗਾਮ ਹਮਲੇ ਤੇ ਆਪਰੇਸ਼ਨ ਸਿੰਦੂਰ ਬਾਰੇ ਹੋਵੇਗੀ ਚਰਚਾ
Monday, Jul 21, 2025 - 09:40 AM (IST)

ਨਵੀਂ ਦਿੱਲੀ- ਅੱਜ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਸਰਕਾਰ ਨੇ ਐਤਵਾਰ ਕਿਹਾ ਕਿ ਉਹ ਸੰਸਦ ਦੇ ਮਾਨਸੂਨ ਸੈਸ਼ਨ ’ਚ ਵਿਰੋਧੀ ਧਿਰ ਵੱਲੋਂ ਉਠਾਏ ਜਾਣ ਵਾਲੇ ਸਾਰੇ ਮੁੱਦਿਆਂ ’ਤੇ ਚਰਚਾ ਕਰਨ ਲਈ ਤਿਆਰ ਹੈ ਤੇ ‘ਆਪ੍ਰੇਸ਼ਨ ਸਿੰਧੂਰ’ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵਿਆਂ ’ਤੇ ਜਵਾਬ ਦੀ ਮੰਗ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ।
ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਸਰਕਾਰ ਵੱਲੋਂ ਬੁਲਾਈ ਗਈ ਸਰਬ-ਪਾਰਟੀ ਮੀਟਿੰਗ ’ਚ ਵਿਰੋਧੀ ਧਿਰ ਨੇ ਬਿਹਾਰ ’ਚ ਵੋਟਰ ਸੂਚੀਆਂ ’ਚ ਸੋਧ, ਪਹਿਲਗਾਮ ਅੱਤਵਾਦੀ ਹਮਲਾ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਜੰਗਬੰਦੀ’ ਦੇ ਦਾਅਵਿਆਂ ਸਮੇਤ ਕਈ ਮੁੱਦੇ ਉਠਾਏ।
ਸਰਕਾਰ ਨੇ ਹਾਊਸ ਦੇ ਸੁਚਾਰੂ ਕੰਮਕਾਜ ਲਈ ਵਿਰੋਧੀ ਪਾਰਟੀਆਂ ਤੋਂ ਸਹਿਯੋਗ ਮੰਗਿਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਦ ਦੇ ਸੁਚਾਰੂ ਕੰਮਕਾਜ ਲਈ ਸਰਕਾਰ ਤੇ ਵਿਰੋਧੀ ਧਿਰ ਦਰਮਿਆਨ ਤਾਲਮੇਲ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵਿਰੋਧੀ ਧਿਰ ਵੱਲੋਂ ਟਰੰਪ ਦੇ ਆਪ੍ਰੇਸ਼ਨ ਸਿੰਧੂਰ ਸਬੰਧੀ ਦਾਅਵਿਆਂ ਨੂੰ ਲੈ ਕੇ ਉਠਾਏ ਗਏ ਮੁੱਦੇ ’ਤੇ ਸੰਸਦ ’ਚ ਢੁੱਕਵਾਂ ਜਵਾਬ ਦੇਵੇਗੀ। ਸਰਕਾਰ ਨਿਯਮਾਂ ਤੇ ਰਵਾਇਤਾਂ ਅਨੁਸਾਰ ਸੰਸਦ ’ਚ ਆਪ੍ਰੇਸ਼ਨ ਸਿੰਧੂਰ ਸਮੇਤ ਸਾਰੇ ਮੁੱਦਿਆਂ ’ਤੇ ਚਰਚਾ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੈਟਰੋਲਿੰਗ 'ਤੇ ਗਏ 7 ਪੁਲਸ ਮੁਲਾਜ਼ਮ ਹੋ ਗਏ 'ਗ਼ਾਇਬ'
ਪ੍ਰਧਾਨ ਮੰਤਰੀ ਜਵਾਬ ਦੇਣ : ਗੋਗੋਈ
ਕਾਂਗਰਸ ਨੇਤਾ ਗੌਰਵ ਗੋਗੋਈ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਟਰੰਪ ਦੇ ਦਾਅਵਿਆਂ, ਪਹਿਲਗਾਮ ਹਮਲੇ ਦੀਆਂ ਖਾਮੀਆਂ ਤੇ ਬਿਹਾਰ ’ਚ ਵੋਟਰ ਸੂਚੀਆਂ ਦੀ ਸੋਧ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਿਆਨ ਦੀ ਮੰਗ ਕਰਦੀ ਹੈ। ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਨ੍ਹਾਂ ਮੁੱਦਿਆਂ ’ਤੇ ਸੰਸਦ ’ਚ ਬਿਆਨ ਦੇਣ।
ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਟਰੰਪ ਦੇ ਜੰਗਬੰਦੀ ’ਚ ਵਿਚੋਲਗੀ ਕਰਨ ਦੇ ਦਾਅਵੇ ਅਤੇ ਬਿਹਾਰ ’ਚ ਵੋਟਰ ਸੂਚੀਆਂ ਦੇ ਕਥਿਤ ਘਪਲੇ ਦਾ ਮੁੱਦਾ ਉਠਾਇਆ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਸਿਰਫ ਲੋਕ ਸਭਾ ਚੋਣਾਂ ਲਈ ਹੈ। ਵਿਧਾਨ ਸਭਾ ਦੀਆਂ ਚੋਣਾਂ ਪਾਰਟੀ ਆਪਣੇ ਦਮ ’ਤੇ ਲੜ ਰਹੀ ਹੈ।
ਇਹ ਵੀ ਪੜ੍ਹੋ- ਮਸ਼ਹੂਰ IT ਕੰਪਨੀ ਦੀ HR Head ਨਾਲ ਵੀਡੀਓ ਵਾਇਰਲ ਹੋਣ ਮਗਰੋਂ CEO ਨੂੰ ਦੇਣਾ ਪਿਆ ਅਸਤੀਫ਼ਾ
ਸੂਬਿਆਂ ’ਚ ਕਾਨੂੰਨ ਵਿਵਸਥਾ ਦੀ ਨਾਕਾਮੀ ਲਈ ਕੇਂਦਰ ਜ਼ਿੰਮੇਵਾਰ : ਬੀਜਦ ਨੇਤਾ
ਬੀਜੂ ਜਨਤਾ ਦਲ (ਬੀਜਦ) ਦੇ ਨੇਤਾ ਸਸਮਿਤ ਪਾਤਰਾ ਨੇ ਕਿਹਾ ਕਿ ਕੇਂਦਰ ਸੂਬਿਆਂ ’ਚ ਕਾਨੂੰਨ ਵਿਵਸਥਾ ਦੀ ਨਾਕਾਮੀ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ। ਇਸ ’ਤੇ ਸੰਸਦ ’ਚ ਬਹਿਸ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਗੱਲ ਓਡਿਸ਼ਾ ’ਚ ਕਾਲਜ ਦੀ ਇਕ ਵਿਦਿਆਰਥਣ ਵੱਲੋਂ ਆਤਮਦਾਹ ਤੇ ਕੁਝ ਲੋਕਾਂ ਵੱਲੋਂ 15 ਸਾਲ ਦੀ ਇਕ ਕੁੜੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਹੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e