''ਅੱਤਵਾਦੀ ਹਮਲੇ ਦਾ ਨਤੀਜਾ ਸੀ ਆਪਰੇਸ਼ਨ ਸਿੰਦੂਰ ! ਇਸੇ ਕਾਰਨ ਪਾਕਿ ਨੇ ਕੀਤੀ ਜੰਗਬੰਦੀ ਦੀ ਅਪੀਲ''
Saturday, Jul 26, 2025 - 09:50 AM (IST)

ਨਵੀਂ ਦਿੱਲੀ- ਸਰਕਾਰ ਨੇ ਸ਼ੁੱਕਰਵਾਰ ਨੂੰ ਸੰਸਦ ’ਚ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ, ਦੋਹਾਂ ਦੇਸ਼ਾਂ ਦੇ ਮਿਲਟਰੀ ਆਪ੍ਰੇਸ਼ਨਾਂ ਦੇ ਡਾਇਰੈਕਟਰ ਜਨਰਲ (ਡੀ. ਜੀ. ਐੱਮ. ਓ.) ਦੇ ਵਿਚਾਲੇ ‘ਸਿੱਧੇ ਸੰਪਰਕ’ ਦੇ ਨਤੀਜੇ ਵਜੋਂ 10 ਮਈ ਨੂੰ ਜੰਗਬੰਦੀ ਲਈ ਸਹਿਮਤੀ ਬਣੀ ਸੀ ਅਤੇ ਇਸ ਸੰਪਰਕ ਦੀ ਪਹਿਲ ‘ਪਾਕਿਸਤਾਨ ਵਲੋਂ ਕੀਤੀ ਗਈ ਸੀ।’ ਵਿਦੇਸ਼ ਮੰਤਰਾਲਾ ਤੋਂ ਪੁੱਛਿਆ ਗਿਆ ਸੀ ਕਿ ਕੀ ਇਹ ਸੱਚ ਹੈ ਕਿ ‘ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਪਾਕਿਸਤਾਨ ਦੇ ਖਿਲਾਫ 3 ਦਿਨ ਦੀ (ਫੌਜੀ) ਕਾਰਵਾਈ ਤੋਂ ਬਾਅਦ ਅਮਰੀਕੀ ਦਖ਼ਲ ਕਾਰਨ ਹੋਈ ਸੀ, ਜਦੋਂ ਸੰਘਰਸ਼ ’ਚ ਭਾਰਤੀ ਹਥਿਆਰਬੰਦ ਫੋਰਸਾਂ ਦਾ ਪਾਸਾ ਭਾਰੀ ਸੀ?
ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ, “ਸਾਡੇ ਸਾਰੇ ਵਾਰਤਾਕਾਰਾਂ ਨੂੰ ਇਕ ਹੀ ਸੰਦੇਸ਼ ਦਿੱਤਾ ਗਿਆ ਕਿ ਭਾਰਤ ਦਾ ਦ੍ਰਿਸ਼ਟੀਕੋਣ ਟੀਚਾ-ਮੁਖੀ, ਸੰਤੁਲਿਤ ਅਤੇ ਤਣਾਅ ਨਾ ਵਧਾਉਣ ਵਾਲਾ ਹੈ।” ਮੰਤਰੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ, 10 ਮਈ ਨੂੰ ਦੋਹਾਂ ਦੇਸ਼ਾਂ ਦੇ ਡੀ. ਜੀ. ਐੱਮ. ਓ. ਵਿਚਾਲੇ ਸਿੱਧੇ ਸੰਪਰਕ ਦੇ ਨਤੀਜੇ ਵਜੋਂ ਗੋਲਾਬਾਰੀ ਅਤੇ ਮਿਲਟਰੀ ਕਾਰਵਾਈ ਰੋਕਣ ’ਤੇ ਸਹਿਮਤ ਹੋਏ। ਇਸ ਸੰਪਰਕ ਦੀ ਪਹਿਲ ਪਾਕਿਸਤਾਨੀ ਪੱਖ ਵੱਲੋਂ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਭਾਰਤ ਨੇ ਪਾਕਿਸਤਾਨ ਅਤੇ ਪੀ. ਓ. ਕੇ. (ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ) ’ਚ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰਨ ਦੇ ਆਪਣੇ ਮੁੱਖ ਟੀਚੇ ‘8 ਮਈ ਨੂੰ ਹੀ ਹਾਸਲ ਕਰ ਲਏ ਸਨ।’ ਮੰਤਰੀ ਨੇ ਆਪਣੇ ਜਵਾਬ ’ਚ ਦੱਸਿਆ ਕਿ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲਾ ਹੋਣ ਤੋਂ ਲੈ ਕੇ 10 ਮਈ ਤੱਕ ‘ਅਮਰੀਕਾ ਸਮੇਤ, ਵੱਖ-ਵੱਖ ਪੱਧਰਾਂ ’ਤੇ ਵੱਖ-ਵੱਖ ਦੇਸ਼ਾਂ ਨਾਲ ਕੂਟਨੀਤਕ ਗੱਲਬਾਤ ਹੋਈ।’
ਉਨ੍ਹਾਂ ਦੱਸਿਆ, “ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ. ਡੀ. ਵੇਂਸ ਨੂੰ 9 ਮਈ ਨੂੰ ਇਸ ਗੱਲ ਤੋਂ ਜਾਣੂ ਕਰਵਾ ਦਿੱਤਾ ਗਿਆ ਸੀ ਕਿ ਜੇ ਪਾਕਿਸਤਾਨ ਕੋਈ ਵੱਡਾ ਹਮਲਾ ਕਰਦਾ ਹੈ ਤਾਂ ਭਾਰਤ ‘ਢੁੱਕਵਾਂ ਜਵਾਬ’ ਦੇਵੇਗਾ। ਸਾਡੀ ਵਪਾਰ ਗੱਲਬਾਤ ਦਾ ਮੁੱਦਾ (ਭਾਰਤ-ਪਾਕਿਸਤਾਨ) ਸੰਘਰਸ਼ ਨਾਲ ਸਬੰਧਤ ਗੱਲਬਾਤ ਦੇ ਸੰਦਰਭ ’ਚ ਨਹੀਂ ਉਠਿਆ ਸੀ।” ਉਨ੍ਹਾਂ ਜਵਾਬ ’ਚ ਦੱਸਿਆ,“ਤੀਸਰੇ ਪੱਖ ਦੀ ਵਿਚੋਲਗੀ ਦੇ ਕਿਸੇ ਵੀ ਪ੍ਰਸਤਾਵ ਦੇ ਸਬੰਧ ’ਚ, ਸਾਡਾ ਲੰਮੇਂ ਸਮੇਂ ਤੋਂ ਰੁਖ਼ ਇਹੀ ਹੈ ਕਿ ਪਾਕਿਸਤਾਨ ਨਾਲ ਕਿਸੇ ਵੀ ਬਕਾਇਆ ਮੁੱਦੇ ’ਤੇ ਸਿਰਫ ਦੋ-ਪੱਖੀ ਚਰਚਾ ਕੀਤੀ ਜਾਵੇਗੀ। ਇਹ ਗੱਲ ਸਾਰੇ ਦੇਸ਼ਾਂ ਨੂੰ ਸਪੱਸ਼ਟ ਕੀਤੀ ਜਾ ਚੁੱਕੀ ਹੈ, ਜਿਸ ’ਚ ਪ੍ਰਧਾਨ ਮੰਤਰੀ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਇਸ ਤੋਂ ਜਾਣੂ ਕਰਵਾਉਣਾ ਵੀ ਸ਼ਾਮਲ ਹੈ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8