ਸੁਪਰੀਮ ਕੋਰਟ ਨੇ ਪੁੱਛਿਆ- ''ਜੈ ਸ਼੍ਰੀ ਰਾਮ'' ਦਾ ਨਾਅਰਾ ਲਗਾਉਣਾ ਅਪਰਾਧ ਕਿਵੇਂ?
Monday, Dec 16, 2024 - 06:05 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੁੱਛਿਆ ਕਿ 'ਜੈ ਸ਼੍ਰੀ ਰਾਮ' ਦਾ ਨਾਅਰਾ ਲਗਾਉਣਾ ਅਪਰਾਧ ਕਿਵੇਂ ਹੈ। ਜਸਟਿਸ ਪੰਕਜ ਮਿਥਲ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਟਿੱਪਣੀ ਕੀਤੀ। ਇਸ ਪਟੀਸ਼ਨ 'ਚ ਕਰਨਾਟਕ ਹਾਈ ਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ 'ਚ ਮਸਜਿਦ ਦੇ ਅੰਦਰ 'ਜੈ ਸ਼੍ਰੀ ਰਾਮ' ਦਾ ਨਾਅਰਾ ਲਗਾਉਣ ਲਈ 2 ਵਿਅਕਤੀਆਂ ਖ਼ਿਲਾਫ਼ ਕਾਰਵਾਈ 13 ਸਤੰਬਰ ਨੂੰ ਰੱਦ ਕਰ ਦਿੱਤੀ ਗਈ ਸੀ। ਸ਼ਿਕਾਇਤਕਰਤਾ ਹੈਦਰ ਅਲੀ ਦੁਆਰਾ ਦਾਇਰ ਪਟੀਸ਼ਨ 'ਤੇ ਬੈਂਚ ਨੇ ਪੁੱਛਿਆ,"ਉਹ ਇਕ ਵਿਸ਼ੇਸ਼ ਧਾਰਮਿਕ ਨਾਅਰਾ ਲਗਾ ਰਹੇ ਸਨ ਜਾਂ ਨਾਮ ਲੈ ਰਹੇ ਸਨ।" ਇਹ ਗੁਨਾਹ ਕਿਵੇਂ ਹੈ?” ਸੁਪਰੀਮ ਕੋਰਟ ਨੇ ਸ਼ਿਕਾਇਤਕਰਤਾ ਤੋਂ ਇਹ ਵੀ ਪੁੱਛਿਆ ਕਿ ਕਥਿਤ ਤੌਰ 'ਤੇ ਮਸਜਿਦ ਦੇ ਅੰਦਰ ਆ ਕੇ ਨਾਅਰੇਬਾਜ਼ੀ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਿਵੇਂ ਕੀਤੀ ਗਈ। ਬੈਂਚ ਨੇ ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦੇਵਦੱਤ ਕਾਮਤ ਨੂੰ ਪੁੱਛਿਆ,“ਤੁਸੀਂ ਇਨ੍ਹਾਂ ਪ੍ਰਤੀਵਾਦੀਆਂ ਦੀ ਪਛਾਣ ਕਿਵੇਂ ਕਰਦੇ ਹੋ? ਤੁਸੀਂ ਕਹਿੰਦੇ ਹੋ ਕਿ ਉਹ ਸਾਰੇ ਸੀਸੀਟੀਵੀ ਨਿਗਰਾਨੀ ਹੇਠ ਹਨ।''
ਬੈਂਚ ਨੇ ਪੁੱਛਿਆ,"ਅੰਦਰ ਆਉਣ ਵਾਲੇ ਵਿਅਕਤੀਆਂ ਦੀ ਪਛਾਣ ਕਿਸ ਨੇ ਕੀਤੀ?" ਕਾਮਤ ਨੇ ਕਿਹਾ ਕਿ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਪੂਰੀ ਨਾ ਹੋਣ ਦੇ ਬਾਵਜੂਦ ਕਾਰਵਾਈ ਰੱਦ ਕਰ ਦਿੱਤੀ, ਜਦੋਂ ਕਿ ਮਾਮਲੇ 'ਚ ਜਾਂਚ ਪੂਰੀ ਨਹੀਂ ਹੋਈ ਸੀ। ਬੈਂਚ ਨੇ ਕਿਹਾ ਕਿ ਹਾਈ ਕੋਰਟ ਨੇ ਪਾਇਆ ਕਿ ਦੋਸ਼ ਭਾਰਤੀ ਦੰਡ ਵਿਧਾਨ (ਆਈਪੀਸੀ) ਦੀ ਧਾਰਾ 503 ਜਾਂ ਧਾਰਾ 447 ਦੇ ਉਪਬੰਧਾਂ ਨਾਲ ਸਬੰਧਤ ਨਹੀਂ ਹਨ। ਆਈਪੀਸੀ ਦੀ ਧਾਰਾ 503 ਅਪਰਾਧਿਕ ਧਮਕੀ ਨਾਲ ਸੰਬੰਧਿਤ ਹੈ, ਜਦੋਂ ਕਿ ਧਾਰਾ 447 ਉਲੰਘਣਾ ਲਈ ਸਜ਼ਾ ਨਾਲ ਸੰਬੰਧਿਤ ਹੈ। ਜਦੋਂ ਬੈਂਚ ਨੇ ਪੁੱਛਿਆ,"ਕੀ ਤੁਸੀਂ ਮਸਜਿਦ 'ਚ ਦਾਖਲ ਹੋਏ ਅਸਲ ਵਿਅਕਤੀਆਂ ਦੀ ਪਛਾਣ ਕਰ ਸਕੇ ਹੋ?" ਤਾਂ ਕਾਮਤ ਨੇ ਕਿਹਾ ਕਿ ਸੂਬਾ ਪੁਲਸ ਇਸ ਬਾਰੇ ਦੱਸ ਸਕੇਗੀ। ਬੈਂਚ ਨੇ ਪਟੀਸ਼ਨਕਰਤਾ ਨੂੰ ਪਟੀਸ਼ਨ ਦੀ ਕਾਪੀ ਰਾਜ ਨੂੰ ਦੇਣ ਲਈ ਕਿਹਾ ਅਤੇ ਮਾਮਲੇ ਦੀ ਅਗਲੀ ਸੁਣਵਾਈ ਜਨਵਰੀ 2025 ਤੱਕ ਮੁਲਤਵੀ ਕਰ ਦਿੱਤੀ। ਹਾਈਕੋਰਟ ਨੇ ਆਪਣੇ ਹੁਕਮਾਂ 'ਚ ਕਿਹਾ,"ਇਹ ਸਮਝ ਤੋਂ ਬਾਹਰ ਹੈ ਕਿ ਜੇਕਰ ਕੋਈ ਜੈ ਸ਼੍ਰੀ ਰਾਮ ਦਾ ਨਾਅਰਾ ਲਾਉਂਦਾ ਹੈ ਤਾਂ ਇਸ ਨਾਲ ਕਿਸੇ ਵੀ ਵਰਗ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਿਵੇਂ ਠੇਸ ਪਹੁੰਚੇਗੀ।" ਹਾਈ ਕੋਰਟ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਕਥਿਤ ਘਟਨਾ ਨੇ ਜਨਤਕ ਸ਼ਰਾਰਤ ਜਾਂ ਕੋਈ ਤਰੇੜ ਪੈਦਾ ਹੋਈ ਹੈ। ਦੋਸ਼ ਹੈ ਕਿ ਇਹ ਘਟਨਾ 24 ਸਤੰਬਰ 2023 ਨੂੰ ਵਾਪਰੀ ਸੀ ਅਤੇ ਪੁਤੂਰ ਸਰਕਲ ਦੇ ਕਦਾਬਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8