ਭਾਰਤ ਵਾਪਸ ਆਏਗੀ ਬੰਗਲਾਦੇਸ਼ ਤੋਂ ਡਿਪੋਰਟ ਹੋਈ ਗਰਭਵਤੀ ਔਰਤ ! ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ
Thursday, Dec 04, 2025 - 10:17 AM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕਈ ਮਹੀਨਿਆਂ ਪਹਿਲਾਂ ਬੰਗਲਾਦੇਸ਼ ਤੋਂ ਡਿਪੋਰਟ ਕੀਤੀ ਗਈ ਇਕ ਗਰਭਵਤੀ ਔਰਤ ਅਤੇ ਉਸ ਦੇ 8 ਸਾਲਾ ਬੱਚੇ ਨੂੰ ‘ਮਨੁੱਖੀ ਆਧਾਰ’ ’ਤੇ ਭਾਰਤ ਵਾਪਸ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਇਮਲਿਆ ਬਾਗਚੀ ਦੀ ਬੈਂਚ ਨੇ ਪੱਛਮੀ ਬੰਗਾਲ ਸਰਕਾਰ ਨੂੰ ਨਾਬਾਲਗ ਬੱਚੇ ਦੀ ਦੇਖਭਾਲ ਕਰਨ ਅਤੇ ਬੀਰਭੂਮ ਜ਼ਿਲੇ ਦੇ ਮੁੱਖ ਮੈਡੀਕਲ ਅਫ਼ਸਰ ਨੂੰ ਗਰਭਵਤੀ ਔਰਤ ਸੁਨਾਲੀ ਖਾਤੂਨ ਨੂੰ ਹਰ ਸੰਭਵ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ।
ਚੋਟੀ ਦੀ ਅਦਾਲਤ ਕਲਕੱਤਾ ਹਾਈ ਕੋਰਟ ਦੇ 26 ਸਤੰਬਰ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਕੇਂਦਰ ਸਰਕਾਰ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਹਾਈ ਕੋਰਟ ਨੇ ਆਪਣੇ ਹੁਕਮ ਵਿਚ ਖਾਤੂਨ ਅਤੇ ਹੋਰਨਾਂ ਨੂੰ ਬੰਗਲਾਦੇਸ਼ ਭੇਜਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ ਅਤੇ ਇਸ ਕਾਰਵਾਈ ਨੂੰ ‘ਗੈਰ-ਕਾਨੂੰਨੀ’ ਕਰਾਰ ਦਿੱਤੀ ਸੀ।
ਸੁਪਰੀਮ ਕੋਰਟ ਨੇ ਕਿਹਾ ਕਿ ਉਸ ਨੂੰ ਆਖਰਕਾਰ ਦਿੱਲੀ ਵਾਪਸ ਲਿਆਂਦਾ ਜਾਵੇ, ਜਿੱਥੇ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਬੰਗਲਾਦੇਸ਼ ਭੇਜ ਦਿੱਤਾ ਗਿਆ। 18 ਜੂਨ ਨੂੰ ਪੁਲਸ ਨੇ ਔਰਤ ਅਤੇ ਉਸ ਦੇ ਬੱਚੇ ਨੂੰ ਬੰਗਲਾਦੇਸ਼ੀ ਹੋਣ ਦੇ ਸ਼ੱਕ ਵਿਚ ਬੰਗਲਾਦੇਸ਼ ਭੇਜ ਦਿੱਤਾ।
