ਹਿਜਾਬ ਪਹਿਨਣ ਵਾਲੀਆਂ ਵਿਦਿਆਰਥਣਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ
Saturday, Aug 10, 2024 - 10:55 AM (IST)
ਨਵੀਂ ਦਿੱਲੀ (ਏਜੰਸੀ)- ਮੁੰਬਈ ਦੇ ਕਾਲਜ ’ਚ ਹਿਜਾਬ, ਬੁਰਕਾ ਅਤੇ ਨਕਾਬ ’ਤੇ ਰੋਕ ਮਾਮਲੇ ’ਚ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਪਟੀਸ਼ਨਰ ਵਿਦਿਆਰਥਣਾਂ ਨੂੰ ਫੌਰੀ ਤੌਰ ’ਤੇ ਰਾਹਤ ਦਿੱਤੀ ਹੈ। ਅਦਾਲਤ ਨੇ ਮਾਮਲੇ ’ਤੇ ਸੁਣਵਾਈ ਤੋਂ ਬਾਅਦ ਕਾਲਜ ਦੇ ਉਸ ਸਰਕੂਲਰ ’ਤੇ ਅੰਤ੍ਰਿਮ ਰੋਕ ਲਾ ਦਿੱਤੀ ਹੈ, ਜਿਸ ’ਚ ਕਾਲਜ ਕੰਪਲੈਕਸ ’ਚ ਹਿਜਾਬ ਆਦਿ ਪਹਿਨਣ ’ਤੇ ਰੋਕ ਲਾਈ ਗਈ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਵਿਦਿਆਰਥਣਾਂ ਨੂੰ ਇਹ ਚੋਣ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਕੀ ਪਹਿਨਣ। ਚੋਟੀ ਦੀ ਅਦਾਲਤ ਨੇ ਇਹ ਵੀ ਕਿਹਾ ਕਿ ਵਿਦਿਅਕ ਸੰਸਥਾਵਾਂ ਵਿਦਿਆਰਥਣਾਂ ’ਤੇ ਆਪਣੀ ਪਸੰਦ ਨੂੰ ਨਹੀਂ ਥੋਪ ਸਕਦੀਆਂ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਐੱਨ. ਜੀ. ਆਚਾਰਿਆ ਅਤੇ ਡੀ. ਕੇ. ਮਰਾਠੇ ਕਾਲਜ ਚਲਾਉਣ ਵਾਲੀ ਚੈਂਬੂਰ ਟਰਾਂਬੇ ਐਜੂਕੇਸ਼ਨ ਸੋਸਾਇਟੀ ਨੂੰ ਨੋਟਿਸ ਜਾਰੀ ਕੀਤਾ ਅਤੇ ਉਸ ਨੂੰ 18 ਨਵੰਬਰ ਤੱਕ ਜਵਾਬ ਦੇਣ ਲਈ ਕਿਹਾ। ਬੈਂਚ ਨੇ ਮੁਸਲਮਾਨ ਵਿਦਿਆਰਥੀਆਂ ਲਈ ਡ੍ਰੈੱਸ ਕੋਡ ਨੂੰ ਲੈ ਕੇ ਪੈਦਾ ਨਵੇਂ ਵਿਵਾਦ ਦੇ ਕੇਂਦਰ ’ਚ ਆਏ ਕਾਲਜ ਪ੍ਰਸ਼ਾਸਨ ਨੂੰ ਕਿਹਾ ਕਿ ਵਿਦਿਆਰਥਣਾਂ ਨੂੰ ਇਹ ਚੋਣ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਕੀ ਪਹਿਨਣ ਅਤੇ ਕਾਲਜ ਉਨ੍ਹਾਂ ’ਤੇ ਦਬਾਅ ਨਹੀਂ ਪਾ ਸਕਦਾ... ਇਹ ਮੰਦਭਾਗਾ ਹੈ ਕਿ ਤੁਹਾਨੂੰ ਅਚਾਨਕ ਪਤਾ ਲੱਗਦਾ ਹੈ ਕਿ ਦੇਸ਼ ’ਚ ਕਈ ਧਰਮ ਹਨ।
ਹਿਜਾਬ ’ਤੇ ਬੈਨ ਤਾਂ ਤਿਲਕ ਅਤੇ ਬਿੰਦੀ ’ਤੇ ਕਿਉਂ ਨਹੀਂ?
ਬੈਂਚ ਨੇ ਕਿਹਾ ਕਿ ਜੇ ਕਾਲਜ ਦਾ ਇਰਾਦਾ ਵਿਦਿਆਰਥਣਾਂ ਦੀ ਧਾਰਮਿਕ ਆਸਥਾ ਦੇ ਪ੍ਰਦਰਸ਼ਨ ’ਤੇ ਰੋਕ ਲਾਉਣਾ ਸੀ ਤਾਂ ਉਸ ਨੇ ਤਿਲਕ ਅਤੇ ਬਿੰਦੀ ’ਤੇ ਰੋਕ ਕਿਉਂ ਨਹੀਂ ਲਾਈ। ਹਾਲਾਂਕਿ, ਬੈਂਚ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਜਮਾਤ ਦੇ ਅੰਦਰ ਬੁਰਕਾ ਪਹਿਨਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਕੰਪਲੈਕਸ ’ਚ ਕਿਸੇ ਵੀ ਧਾਰਮਿਕ ਗਤੀਵਿਧੀ ਦੀ ਆਗਿਆ ਦਿੱਤੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8