ਬਿਨਾਂ ਡਿਗਰੀ ਦੇ 19 ਸਾਲਾ ਕੁੜੀ ਨੂੰ BMW ਨੇ ਦਿੱਤੀ ਨੌਕਰੀ, ਜਾਣੋ ਇਸ ਪਿੱਛੇ ਦੀ ਹੈਰਾਨੀਜਨਕ ਵਜ੍ਹਾ
Wednesday, Apr 08, 2026 - 11:48 PM (IST)
ਨਵੀਂ ਦਿੱਲੀ : ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਇਨ (LinkedIn) 'ਤੇ ਇਨ੍ਹੀਂ ਦਿਨੀਂ 19 ਸਾਲ ਦੀ ਗੌਰੀ ਐੱਮ ਦੀ ਸਫਲਤਾ ਦੀ ਕਹਾਣੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਵੱਡੀਆਂ-ਵੱਡੀਆਂ ਡਿਗਰੀਆਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੁਨੀਆ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਬੀਐਮਡਬਲਿਊ (BMW) ਨੇ ਗੌਰੀ ਨੂੰ ਇੱਕ ਫੁੱਲ-ਟਾਈਮ ਮਾਰਕੀਟਿੰਗ ਰੋਲ ਲਈ ਚੁਣਿਆ ਹੈ, ਜਦਕਿ ਉਸ ਕੋਲ ਅਜੇ ਕੋਈ ਕਾਲਜ ਡਿਗਰੀ ਨਹੀਂ ਹੈ।
ਆਮ ਤੌਰ 'ਤੇ ਜਿਸ ਅਹੁਦੇ ਲਈ ਕੰਪਨੀਆਂ ਵੱਲੋਂ ਕਰੀਬ ਪੰਜ ਸਾਲਾਂ ਦੇ ਤਜ਼ਰਬੇ ਦੀ ਮੰਗ ਕੀਤੀ ਜਾਂਦੀ ਹੈ, ਉੱਥੇ ਗੌਰੀ ਨੇ ਮਹਿਜ਼ ਆਪਣੇ ਹੁਨਰ ਅਤੇ ਡਿਜੀਟਲ ਪ੍ਰੋਫਾਈਲ ਦੇ ਦਮ 'ਤੇ ਜਗ੍ਹਾ ਬਣਾਈ ਹੈ। ਗੌਰੀ ਦੀ ਇਸ ਉਪਲਬਧੀ ਨੇ ਉਨ੍ਹਾਂ ਸਾਰੇ ਨੌਜਵਾਨਾਂ ਨੂੰ ਹੈਰਾਨ ਕਰ ਦਿੱਤਾ ਹੈ ਜੋ ਸਿਰਫ਼ ਕਿਤਾਬੀ ਗਿਆਨ ਨੂੰ ਹੀ ਨੌਕਰੀ ਦਾ ਇੱਕੋ-ਇੱਕ ਰਸਤਾ ਮੰਨਦੇ ਸਨ।
ਗੌਰੀ ਦੀ ਇਸ ਕਾਮਯਾਬੀ ਪਿੱਛੇ ਸਭ ਤੋਂ ਵੱਡਾ ਕਾਰਨ ਉਸ ਦਾ ਮਜ਼ਬੂਤ ਪਰਸਨਲ ਬ੍ਰਾਂਡ ਅਤੇ ਸੋਸ਼ਲ ਮੀਡੀਆ 'ਤੇ ਉਸ ਦੀ ਜ਼ਬਰਦਸਤ ਪਕੜ ਮੰਨੀ ਜਾ ਰਹੀ ਹੈ। ਲਿੰਕਡਇਨ 'ਤੇ ਉਸ ਦੇ 65 ਹਜ਼ਾਰ ਅਤੇ ਇੰਸਟਾਗ੍ਰਾਮ 'ਤੇ 35 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ, ਜੋ ਉਸ ਦੀ ਡਿਜੀਟਲ ਮਾਰਕੀਟਿੰਗ ਕਾਬਲੀਅਤ ਦਾ ਸਬੂਤ ਪੇਸ਼ ਕਰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਗੌਰੀ ਨੂੰ ਇਸ ਨੌਕਰੀ ਲਈ ਕੋਈ ਅਰਜ਼ੀ ਜਾਂ ਈਮੇਲ ਨਹੀਂ ਕਰਨੀ ਪਈ, ਸਗੋਂ ਕੰਪਨੀ ਨੇ ਖੁਦ ਉਸ ਦੀ ਪ੍ਰੋਫਾਈਲ ਦੇਖ ਕੇ ਉਸ ਨਾਲ ਸੰਪਰਕ ਕੀਤਾ। ਗੌਰੀ ਅਨੁਸਾਰ, ਇਕ ਹਫ਼ਤੇ ਦੇ ਅੰਦਰ ਹੀ ਉਸ ਨੂੰ ਤਿੰਨ ਹੋਰ ਕੰਪਨੀਆਂ ਤੋਂ ਵੀ ਨੌਕਰੀ ਦੇ ਆਫ਼ਰ ਮਿਲੇ ਸਨ।
ਇੰਟਰਨੈੱਟ 'ਤੇ ਲੋਕ ਇਸ ਨੂੰ ਸਿਰਫ਼ ਕਿਸਮਤ ਨਹੀਂ, ਸਗੋਂ ਸਹੀ ਦਿਸ਼ਾ ਵਿੱਚ ਕੀਤੀ ਗਈ ਮਿਹਨਤ ਦਾ ਨਤੀਜਾ ਦੱਸ ਰਹੇ ਹਨ। ਗੌਰੀ ਪਹਿਲਾਂ ਵੀ ਟਾਟਾ ਮੋਟਰਜ਼ ਵਰਗੀਆਂ ਵੱਡੀਆਂ ਕੰਪਨੀਆਂ ਨਾਲ ਕੰਮ ਕਰ ਚੁੱਕੀ ਹੈ ਅਤੇ ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣਾ ਕੰਟੈਂਟ ਸਾਂਝਾ ਕਰਦੀ ਰਹਿੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿੱਚ ਲਿੰਕਡਇਨ ਅਤੇ ਇੰਸਟਾਗ੍ਰਾਮ ਅਕਾਊਂਟ ਇੱਕ ਪੋਰਟਫੋਲੀਓ ਵਾਂਗ ਕੰਮ ਕਰਦੇ ਹਨ, ਜੋ ਸਹੀ ਲੋਕਾਂ ਤੱਕ ਪਹੁੰਚ ਬਣਾਉਣ ਵਿੱਚ ਮਦਦ ਕਰਦੇ ਹਨ।
ਗੌਰੀ ਦੀ ਇਸ ਕਹਾਣੀ ਨੇ ਪੇਸ਼ੇਵਰ ਦੁਨੀਆ ਵਿੱਚ ਡਿਗਰੀ ਬਨਾਮ ਹੁਨਰ ਦੀ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਜਿੱਥੇ ਨੌਜਵਾਨ ਇਸ ਨੂੰ ਕਰੀਅਰ ਦਾ ਨਵਾਂ ਅਤੇ ਸਹੀ ਰਸਤਾ ਦੱਸ ਰਹੇ ਹਨ, ਉੱਥੇ ਹੀ ਕੁਝ ਲੋਕ ਰਸਮੀ ਸਿੱਖਿਆ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਸਲਾਹ ਵੀ ਦੇ ਰਹੇ ਹਨ। ਇਸ ਦੇ ਬਾਵਜੂਦ, ਇਹ ਕਹਾਣੀ ਲੱਖਾਂ ਵਿਦਿਆਰਥੀਆਂ ਲਈ ਇੱਕ ਮਿਸਾਲ ਬਣ ਗਈ ਹੈ ਜੋ ਰਵਾਇਤੀ ਰਸਤਿਆਂ ਤੋਂ ਹਟ ਕੇ ਕੁਝ ਵੱਖਰਾ ਕਰਨ ਦਾ ਸੁਪਨਾ ਦੇਖ ਰਹੇ ਹਨ।
