ਕੇਂਦਰੀ ਕੈਬਨਿਟ ਨੇ ਜੈਪੁਰ ਮੈਟਰੋ ਪ੍ਰਾਜੈਕਟ ਦੇ ਦੂਜੇ ਪੜਾਅ ਨੂੰ ਦਿੱਤੀ ਮਨਜ਼ੂਰੀ

Wednesday, Apr 08, 2026 - 05:23 PM (IST)

ਕੇਂਦਰੀ ਕੈਬਨਿਟ ਨੇ ਜੈਪੁਰ ਮੈਟਰੋ ਪ੍ਰਾਜੈਕਟ ਦੇ ਦੂਜੇ ਪੜਾਅ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ/ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਜੈਪੁਰ ਮੈਟਰੋ ਫੇਜ਼-2 ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। 13,037.66 ਕਰੋੜ ਰੁਪਏ ਦੀ ਲਾਗਤ ਵਾਲਾ ਇਹ 41 ਕਿਲੋਮੀਟਰ ਲੰਬਾ ਨਾਰਥ-ਸਾਊਥ ਕਾਰੀਡੋਰ ਸ਼ਹਿਰ ਦੀ ਆਵਾਜਾਈ 'ਚ ਇਕ ਵੱਡਾ ਬਦਲਾਅ ਲਿਆਵੇਗਾ।

ਪ੍ਰਹਿਲਾਦਪੁਰਾ ਤੋਂ ਟੋਡੀ ਮੋੜ ਤੱਕ ਚੱਲੇਗੀ ਮੈਟਰੋ 

ਇਹ ਨਵਾਂ ਰੂਟ ਪ੍ਰਹਿਲਾਦਪੁਰਾ ਤੋਂ ਟੋਡੀ ਮੋੜ ਤੱਕ ਚੱਲੇਗਾ, ਜਿਸ 'ਚ ਪੂਰੇ ਸ਼ਹਿਰ 'ਚ ਕੁੱਲ 36 ਸਟੇਸ਼ਨ ਸ਼ਾਮਲ ਹੋਣਗੇ। ਇਹ ਪ੍ਰਾਜੈਕਟ ਰਾਜਸਥਾਨ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (RMRCL) ਵੱਲੋਂ ਲਾਗੂ ਕੀਤਾ ਜਾਵੇਗਾ, ਜੋ ਕੇਂਦਰ ਅਤੇ ਰਾਜਸਥਾਨ ਸਰਕਾਰ ਦਾ 50:50 ਦਾ ਸਾਂਝਾ ਉੱਦਮ ਹੈ।

ਪ੍ਰਮੁੱਖ ਇਲਾਕਿਆਂ ਨੂੰ ਮਿਲੇਗੀ ਸਿੱਧੀ ਕਨੈਕਟਿਵਿਟੀ 

ਫੇਜ਼-2 ਕਾਰੀਡੋਰ ਸੀਤਾਪੁਰਾ ਇੰਡਸਟਰੀਅਲ ਏਰੀਆ, ਜੈਪੁਰ ਏਅਰਪੋਰਟ, ਟੋਂਕ ਰੋਡ, ਐੱਸ.ਐੱਮ.ਐੱਸ. (SMS) ਹਸਪਤਾਲ ਅਤੇ ਸਟੇਡੀਅਮ, ਅੰਬਾਬਾੜੀ ਅਤੇ ਵਿੱਦਿਆਧਰ ਨਗਰ ਵਰਗੇ ਪ੍ਰਮੁੱਖ ਸਥਾਨਾਂ ਨੂੰ ਜੋੜੇਗਾ। ਖਾਸ ਗੱਲ ਇਹ ਹੈ ਕਿ ਏਅਰਪੋਰਟ ਇਲਾਕੇ 'ਚ ਅੰਡਰਗਰਾਊਂਡ ਸਟੇਸ਼ਨ ਬਣਾਏ ਜਾਣਗੇ ਅਤੇ ਇਸ ਨੂੰ ਪਹਿਲਾਂ ਤੋਂ ਚੱਲ ਰਹੇ ਫੇਜ਼-1 ਨਾਲ ਵੀ ਜੋੜਿਆ ਜਾਵੇਗਾ, ਤਾਂ ਜੋ ਯਾਤਰੀਆਂ ਨੂੰ ਪੂਰੇ ਸ਼ਹਿਰ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਸਫਰ ਦੀ ਸਹੂਲਤ ਮਿਲ ਸਕੇ।

ਯਾਤਰੀਆਂ ਦੀ ਗਿਣਤੀ 'ਚ ਹੋਵੇਗਾ ਭਾਰੀ ਵਾਧਾ

ਮੌਜੂਦਾ ਸਮੇਂ 'ਚ ਜੈਪੁਰ ਮੈਟਰੋ ਦੇ ਫੇਜ਼-1 (ਮਾਨਸਰੋਵਰ ਤੋਂ ਬੜੀ ਚੌਪੜ) ਵਿੱਚ ਰੋਜ਼ਾਨਾ ਲਗਭਗ 60,000 ਯਾਤਰੀ ਸਫਰ ਕਰਦੇ ਹਨ। ਫੇਜ਼-2 ਦੇ ਚਾਲੂ ਹੋਣ ਨਾਲ ਇਹ ਗਿਣਤੀ ਕਈ ਗੁਣਾ ਵਧਣ ਦੀ ਉਮੀਦ ਹੈ, ਜਿਸ ਨਾਲ ਨਿੱਜੀ ਵਾਹਨਾਂ 'ਤੇ ਨਿਰਭਰਤਾ ਘਟੇਗੀ।

ਸਤੰਬਰ 2031 ਤੱਕ ਪੂਰਾ ਕਰਨ ਦਾ ਟੀਚਾ 

ਇਸ ਪ੍ਰਾਜੈਕਟ ਨੂੰ ਸਤੰਬਰ 2031 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਨਾਲ ਨਾ ਸਿਰਫ ਟ੍ਰੈਫਿਕ ਜਾਮ ਤੋਂ ਮੁਕਤੀ ਮਿਲੇਗੀ, ਸਗੋਂ ਪ੍ਰਦੂਸ਼ਣ ਵਿੱਚ ਵੀ ਕਮੀ ਆਵੇਗੀ। ਇਹ ਕਦਮ 'ਵਿਕਸਿਤ ਭਾਰਤ' ਅਤੇ 'ਵਿਕਸਿਤ ਰਾਜਸਥਾਨ' ਦੇ ਉਦੇਸ਼ਾਂ ਦੀ ਪ੍ਰਾਪਤੀ ਵੱਲ ਇੱਕ ਅਹਿਮ ਪੁਲਾਂਘ ਮੰਨਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News