ਸੁਨੰਦਾ ਪੁਸ਼ਕਰ ਮਾਮਲਾ: ਸ਼ਸ਼ੀ ਥਰੂਰ ਦੀ ਅੰਤਰਿਮ ਜ਼ਮਾਨਤ ''ਤੇ ਕੱਲ ਤੱਕ ਲਈ ਫੈਸਲਾ ਸੁਰੱਖਿਅਤ
Wednesday, Jul 04, 2018 - 11:57 AM (IST)

ਨਵੀਂ ਦਿੱਲੀ— ਦਿੱਲੀ ਦੀ ਅਦਾਲਤ ਨੇ ਸੁਨੰਦਾ ਪੁਸ਼ਕਰ ਦੀ ਮੌਤ ਮਾਮਲੇ 'ਚ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਕੱਲ ਤੱਕ ਲਈ ਫੈਸਲਾ ਸੁਰੱਖਿਅਤ ਰੱਖਿਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਅੰਤਰਿਮ ਜ਼ਮਾਨਤ ਲਈ ਮੰਗਲਵਾਰ ਅਦਾਲਤ 'ਚ ਅਰਜ਼ੀ ਦਿੱਤੀ ਸੀ। ਇਸ ਮਾਮਲੇ 'ਚ ਥਰੂਰ ਨੂੰ ਪਹਿਲੇ ਹੀ ਬਤੌਰ ਦੋਸ਼ੀ ਸੰੰਮੰਨ ਭੇਜਿਆ ਜਾ ਚੁੱਕਿਆ ਹੈ। ਅਦਾਲਤ ਨੇ 5 ਜੂਨ ਨੂੰ ਥਰੂਰ ਨੂੰ ਸੰੰਮੰਨ ਜਾਰੀ ਕਰਕੇ ਉਨ੍ਹਾਂ ਨੂੰ 7 ਜੁਲਾਈ ਨੂੰ ਪੇਸ਼ ਹੋਣ ਨੂੰ ਕਿਹਾ ਸੀ। ਸੁਨੰਦਾ 17 ਜੁਲਾਈ 2014 ਨੂੰ ਦਿੱਲੀ ਦੇ ਇਕ ਹੋਟਲ ਦੇ ਕਮਰੇ 'ਚ ਮ੍ਰਿਤ ਪਾਈ ਗਈ ਸੀ। ਥਰੂਰ 'ਤੇ ਭਾਰਤੀ ਦੰਡ ਜ਼ਾਬਤਾ ਦੀ ਧਾਰਾ 498 ਏ ਅਤੇ 306 ਤਹਿਤ ਦੋਸ਼ ਲਗਾਏ ਗਏ ਹਨ।
ਕਰੀਬ 3000 ਪੇਜ਼ਾਂ ਦੇ ਦੋਸ਼ ਪੱਤਰ 'ਚ ਪੁਲਸ ਨੇ ਥਰੂਰ ਨੂੰ ਦੋਸ਼ੀ ਦੱਸਦੇ ਹੋਏ ਦੋਸ਼ ਲਗਾਇਆ ਹੈ ਕਿ ਉਹ ਆਪਣੀ ਪਤਨੀ ਨੂੰ ਪਰੇਸ਼ਾਨ ਕਰਦੇ ਸਨ। ਪਤੀ-ਪਤਨੀ ਦੇ ਘਰੇਲੂ ਸਹਾਇਕ ਨਾਰਾਇਣ ਸਿੰਘ ਇਸ ਮਾਮਲੇ 'ਚ ਮੁੱਖ ਗਵਾਹ ਹਨ। ਸੁਨੰਦਾ ਦੀ ਮੌਤ ਦੇ ਸਿਲਸਿਲੇ 26 ਜਨਵਰੀ 2015 ਨੂੰ ਅਣਪਛਾਤੇ ਵਿਅਕਤੀ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਦੋਸ਼ ਪੱਤਰ 'ਚ ਕਿਹਾ ਗਿਆ ਹੈ ਕਿ ਸੁਨੰਦਾ ਨੂੰ ਮਾਨਸਿਕ ਅਤੇ ਸਰੀਰਕ ਦੋਵਾਂ ਰੂਪਾਂ ਤੋਂ ਪਰੇਸ਼ਾਨ ਕੀਤਾ ਜਾਂਦਾ ਸੀ।