CM ਸੁੱਖੂ ਨੇ ਪਤਨੀ ਕਮਲੇਸ਼ ਠਾਕੁਰ ਤੇ ਕਾਂਗਰਸ ਉਮੀਦਵਾਰ ਬਾਵਾ ਨੂੰ ਦਿੱਤੀ ਜਿੱਤ ਦੀ ਵਧਾਈ
Saturday, Jul 13, 2024 - 05:03 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਨੀਵਾਰ ਨੂੰ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ ਕਾਂਗਰਸ ਦੇ ਉਮੀਦਵਾਰ ਕਮਲੇਸ਼ ਠਾਕੁਰ ਅਤੇ ਨਾਲਾਗੜ੍ਹ ਤੋਂ ਹਰਦੀਪ ਸਿੰਘ ਬਾਵਾ ਨੂੰ ਉਨ੍ਹਾਂ ਦੀ ਜਿੱਤ 'ਤੇ ਹਾਰਦਿਕ ਵਧਾਈ ਦਿੱਤੀ ਹੈ। ਸੁੱਖੂ ਨੇ ਕਿਹਾ ਕਿ ਵੋਟਰਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਹਿਮਾਚਲ ਦੇ ਲੋਕ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਅਤੇ ਕੇਂਦਰੀ ਸੱਤਾ ਦੇ ਦਮ 'ਤੇ ਪ੍ਰਦੇਸ਼ ਦੇ ਜਨਾਦੇਸ਼ 'ਤੇ ਹਮਲਾ ਕਰਨ ਦੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਜਲਦੀ ਹੀ ਦੇਹਰਾ ਨੂੰ ਵਿਕਾਸ ਦੀ ਰਾਹ 'ਤੇ ਰੱਖ ਕੇ 'ਦੇਹਰਾ ਦਾ ਵਿਕਾਸ' ਦਾ ਸੁਫ਼ਨਾ ਸਾਕਾਰ ਕਰੇਗੀ। ਦੱਸਣਯੋਗ ਹੈ ਕਿ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਕਾਂਗੜਾ ਜ਼ਿਲ੍ਹੇ ਦੀ ਦੇਹਰਾ ਵਿਧਾਨ ਸਭਾ ਸੀਟ ਤੋਂ 9,399 ਵੋਟਾਂ ਨਾਲ ਜਿੱਤੇ ਹਨ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਹੁਸ਼ਿਆਰ ਸਿੰਘ ਨੂੰ ਹਰਾਇਆ।
ਇਹ ਵੀ ਪੜ੍ਹੋ- ਹਿਮਾਚਲ: ਦੇਹਰਾ ਵਿਧਾਨ ਸਭਾ ਸੀਟ ਤੋਂ ਜਿੱਤੀ CM ਦੀ ਪਤਨੀ ਕਮਲੇਸ਼ ਠਾਕੁਰ
ਸੁੱਖੂ ਨੇ ਹਰਦੀਪ ਸਿੰਘ ਬਾਵਾ ਜੀ ਨੂੰ ਵਿਧਾਇਕ ਚੁਣੇ ਜਾਣ 'ਤੇ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਜ਼ਿਮਨੀ ਚੋਣ ਵਿਚ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਪੈਸੇ ਦੇ ਦਮ 'ਤੇ ਜਨਤਾ ਦੀਆਂ ਭਾਵਨਾਵਾਂ ਨਾਲ ਧੋਖਾ ਕਰਨ ਦੇ ਕੀ ਨਤੀਜੇ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਨਾਲਾਗੜ੍ਹ ਦੇ ਲੋਕਾਂ ਨੇ ਕਾਂਗਰਸ ਪਾਰਟੀ 'ਤੇ ਜੋ ਭਰੋਸਾ ਜਤਾਇਆ ਹੈ, ਉਸ 'ਤੇ ਸਾਡੇ ਬਾਵਾ ਜੀ ਖਰਾ ਉਤਰਨਗੇ ਅਤੇ ਸਮੂਹਿਕ ਯਤਨਾਂ ਰਾਹੀਂ ਨਾਲਾਗੜ੍ਹ ਦੇ ਵਿਕਾਸ ਨੂੰ ਹੋਰ ਬੁਲੰਦੀਆਂ 'ਤੇ ਲਿਜਾਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ | ਹਰਦੀਪ ਬਾਵਾ 8990 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨ੍ਹਾਂ ਨੇ ਆਪਣੇ ਨਜ਼ਦੀਕੀ ਵਿਰੋਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੇ.ਐਲ. ਠਾਕੁਰ ਨੂੰ ਹਰਾਇਆ।