ਹਿਮਾਚਲ ਦੇ ਊਨਾ ''ਚ ਅਚਾਨਕ ਆਇਆ ਹੜ੍ਹ, 10 ਘਰ ਨੁਕਸਾਨੇ

Wednesday, Jul 05, 2023 - 06:20 PM (IST)

ਹਿਮਾਚਲ ਦੇ ਊਨਾ ''ਚ ਅਚਾਨਕ ਆਇਆ ਹੜ੍ਹ, 10 ਘਰ ਨੁਕਸਾਨੇ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿਚ ਬੁੱਧਵਾਰ ਸਵੇਰੇ ਅਚਾਨਕ ਆਏ ਹੜ੍ਹ ਕਾਰਨ ਹਰੋਲੀ ਖੇਤਰ ਦੇ ਇਕ ਪਿੰਡ ਦੇ 10 ਘਰ ਨੁਕਸਾਨੇ ਗਏ। ਇਹ ਜਾਣਕਾਰੀ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਦਿੱਤੀ। ਜ਼ਿਲ੍ਹੇ ਦਾ ਇਕ ਕਥਿਤ ਵੀਡੀਓ ਇੰਟਰਨੈੱਟ 'ਤੇ ਸਾਹਮਣੇ ਆਈ ਹੈ, ਜਿਸ 'ਚ ਇਕ ਕਾਰ ਨੂੰ ਪਾਣੀ 'ਚ ਰੁੜ੍ਹਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਡਰਾਈਵਰ ਨੇ ਸਮੇਂ ਸਿਰ ਗੱਡੀ ਤੋਂ ਛਾਲ ਮਾਰਨ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਬੇ ਦੇ ਕਈ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਹੈ। ਪਾਲਮਪੁਰ ਵਿਚ 32 ਮਿਲੀਮੀਟਰ, ਨਾਹਨ ਵਿਚ 22 ਮਿਲੀਮੀਟਰ, ਮੰਡੀ ਵਿਚ 22 ਮਿਲੀਮੀਟਰ, ਊਨਾ ਵਿਚ 13 ਮਿਲੀਮੀਟਰ ਅਤੇ ਕਾਂਗੜਾ ਵਿਚ 9 ਮਿਲੀਮੀਟਰ ਮੀਂਹ ਪਿਆ।

ਸਥਾਨਕ ਮੌਸਮ ਵਿਭਾਗ ਨੇ 9 ਜੁਲਾਈ ਤੱਕ ਮੈਦਾਨੀ, ਹੇਠਲੇ ਅਤੇ ਮੱਧ-ਪਹਾੜੀ ਖੇਤਰਾਂ ਵਿਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ, ਤੂਫ਼ਾਨ ਅਤੇ ਬਿਜਲੀ ਚਮਕਣ ਲਈ 'ਪੀਲਾ' ਅਲਰਟ ਜਾਰੀ ਕੀਤਾ ਹੈ ਅਤੇ ਰਾਜ ਵਿਚ 11 ਜੁਲਾਈ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਸ਼ਿਮਲਾ, ਮੰਡੀ, ਸਿਰਮੌਰ ਅਤੇ ਸੋਲਨ ਜ਼ਿਲ੍ਹਿਆਂ 'ਚ ਹੜ੍ਹ ਆਉਣ ਦੀ ਸੰਭਾਵਨਾ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਦੱਸਿਆ ਕਿ ਊਨਾ ਦੇ ਖੱਡ ਪਿੰਡ ਵਿਚ ਲਗਭਗ 8 ਤੋਂ 10 ਘਰਾਂ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ ਹੈ। 24 ਜੂਨ ਨੂੰ ਮਾਨਸੂਨ ਸ਼ੁਰੂ ਹੋਣ ਕਾਰਨ ਸੂਬੇ ਨੂੰ ਮੰਗਲਵਾਰ ਤੱਕ 275.86 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਵਿਚ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਨੂੰ 144.04 ਕਰੋੜ ਰੁਪਏ ਅਤੇ ਜਲ ਸ਼ਕਤੀ ਵਿਭਾਗ ਨੂੰ 100.97 ਕਰੋੜ ਰੁਪਏ ਸ਼ਾਮਲ ਹਨ। ਸੂਬੇ 'ਚ 23 ਸੜਕਾਂ ਅਜੇ ਵੀ ਬੰਦ ਹਨ। ਮੌਸਮ ਵਿਭਾਗ ਨੇ ਖੜ੍ਹੀਆਂ ਫਸਲਾਂ, ਫਲਦਾਰ ਰੁੱਖਾਂ ਅਤੇ ਨਵੇਂ ਪੌਦਿਆਂ ਨੂੰ ਨੁਕਸਾਨ ਹੋਣ ਦੀ ਚਿਤਾਵਨੀ ਦਿੱਤੀ ਹੈ। ਖ਼ਰਾਬ ਮੌਸਮ ਕਾਰਨ ਪਾਣੀ ਅਤੇ ਬਿਜਲੀ ਸਪਲਾਈ ਵਿਚ ਵੀ ਵਿਘਨ ਪੈ ਸਕਦਾ ਹੈ।


author

DIsha

Content Editor

Related News