ਸੂਡਾਨ ਸੰਕਟ : 'ਆਪਰੇਸ਼ਨ ਕਾਵੇਰੀ' ਦੇ ਅਧੀਨ 231 ਭਾਰਤੀ ਪੁੱਜੇ ਅਹਿਮਦਾਬਾਦ
Tuesday, May 02, 2023 - 01:57 PM (IST)
ਅਹਿਮਦਾਬਾਦ (ਭਾਸ਼ਾ)- ਹਿੰਸਾ ਪ੍ਰਭਾਵਿਤ ਸੂਡਾਨ ਤੋਂ ਨਾਗਰਿਕਾਂ ਨੂੰ ਵਾਪਸ ਲਿਆਉਣ ਦੀ ਭਾਰਤ ਦੀ 'ਆਪਰੇਸ਼ਨ ਕਾਵੇਰੀ' ਦੇ ਅਧੀਨ 231 ਭਾਰਤੀ ਮੰਗਲਵਾਰ ਨੂੰ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚੇ। ਇਨ੍ਹਾਂ 'ਚ ਗੁਜਰਾਤ ਦੇ 208 ਲੋਕ ਸ਼ਾਮਲ ਹਨ। ਰਾਜ ਸਰਕਾਰ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸਾਂਘਵੀ ਨੇ ਸਰਦਾਰ ਵਲੱਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਨ੍ਹਾਂ ਲੋਕਾਂ ਦਾ ਸੁਆਗਤ ਕੀਤਾ। ਇਹ ਲੋਕ ਵਿਸ਼ੇਸ਼ ਜਹਾਜ਼ ਰਾਹੀਂ ਸਾਊਦੀ ਅਰਬ ਦੇ ਜੇਦਾ ਤੋਂ ਇੱਥੇ ਪਹੁੰਚੇ।
ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਆਏ 231 ਭਾਰਤੀਆਂ 'ਚੋਂ 208 ਗੁਜਰਾਤ, 13 ਪੰਜਾਬ ਦੇ ਅਤੇ 10 ਲੋਕ ਰਾਜਸਥਾਨ ਦੇ ਹਨ। ਦੱਸਣਯੋਗ ਹੈ ਕਿ 'ਆਪਰੇਸ਼ਨ ਕਾਵੇਰੀ' ਦੇ ਅਧੀਨ ਭਾਰਤ, ਖਾਰਤੂਮ 'ਚ ਸੰਘਰਸ਼ ਖੇਤਰਾਂ ਅਤੇ ਪੋਰਟ ਸੂਡਾਨ 'ਚ ਫਸੇ ਆਪਣੇ ਨਾਗਰਿਕਾਂ ਨੂੰ ਬੱਸਾਂ ਰਾਹੀਂ ਕੱਢ ਰਿਹਾ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਫ਼ੌਜ ਦੇ ਜਹਾਜ਼ਾਂ ਅਤੇ ਜਲ ਸੈਨਾ ਦੇ ਜਹਾਜ਼ਾਂ ਰਾਹੀਂ ਸਾਊਦੀ ਅਰਬ ਦੇ ਜੇਦਾ ਸ਼ਹਿਰ ਲਿਜਾਇਆ ਜਾ ਰਿਹਾ ਹੈ। ਜੇਦਾ ਤੋਂ ਭਾਰਤੀ ਨਾਗਰਿਕਾਂ ਨੂੰ ਭਾਰਤੀ ਹਵਾਈ ਫ਼ੌਜ ਦੇ ਅਤੇ ਹੋਰ ਜਹਾਜ਼ਾਂ ਰਾਹੀਂ ਦੇਸ਼ ਵਾਪਸ ਲਿਆਂਦਾ ਜਾ ਰਿਹਾ ਹੈ।