ਕਰਤਾਰਪੁਰ ਲਾਂਘੇ 'ਤੇ ਦਿੱਤੇ ਬਿਆਨ 'ਤੇ ਸਿਰਸਾ ਦੀ ਸੁਬਰਾਮਣੀਅਮ ਨੂੰ ਚਿਤਾਵਨੀ

Sunday, Aug 25, 2019 - 02:35 PM (IST)

ਨਵੀਂ ਦਿੱਲੀ—ਬੀਤੇ ਦਿਨ ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਵੱਲੋਂ ਕਰਤਾਰਪੁਰ ਲਾਂਘੇ 'ਤੇ ਦਿੱਤੇ ਵਿਵਾਦਿਤ ਬਿਆਨ ਦਾ ਡੀ. ਐੱਸ. ਜੀ. ਐੱਮ. ਸੀ. ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵਿਰੋਧ ਕਰਦੇ ਹੋਏ ਸਖਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ 'ਤੇ ਕੰਮ ਕਿਸੇ ਵੀ ਸਥਿਤੀ 'ਚ ਬੰਦ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਜਾਂਦਾ ਹੋਇਆ ਸ਼ਾਂਤੀ ਭਰਿਆ ਰਸਤਾ ਹੈ, ਜੋ ਕਿ ਆਪਸੀ ਭਾਈਚਾਰੇ ਨੂੰ ਵਧਾਉਂਦਾ ਹੈ। ਦੁਨੀਆਂ ਭਰ 'ਚ ਸਾਲਾਂ ਤੋਂ ਸਿੱਖ ਸੰਗਤਾਂ ਵੱਲੋਂ ਕੀਤੀਆਂ ਅਰਦਾਸਾਂ ਹੁਣ ਨੇਪਰੇ ਚੜ੍ਹੀਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ 'ਤੇ ਕਦਮ ਚੁੱਕੇ ਗਏ ਅਤੇ ਇਹ ਕੰਮ ਸੰਭਵ ਹੋ ਸਕਿਆ ਹੈ। ਮੈਨੂੰ ਲੱਗਦਾ ਹੈ ਕਿ ਜੋ ਸਵਾਮੀ ਨੇ ਬਿਆਨ ਦਿੱਤਾ ਹੈ, ਉਹ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਉਸ ਦੀ ਆਪਣੀ ਨਿੱਜੀ ਸੋਚ ਹੋ ਸਕਦੀ ਹੈ। 

ਸਿਰਸਾ ਨੇ ਕਿਹਾ ਹੈ ਕਿ ਜੇਕਰ ਦੇਸ਼ ਦੇ ਅੰਦਰ ਕਿਸੇ ਨੂੰ ਅਜਿਹਾ ਲੱਗਦਾ ਹੈ ਕਿ ਸਿੱਖ ਉੱਥੇ ਜਾਣਗੇ ਅਤੇ ਕੱਟੜਪੰਥੀ ਪੈਦਾ ਹੋ ਜਾਣਗੇ ਤਾਂ ਮੈਂ ਉਨ੍ਹਾਂ ਨੂੰ ਚਿਤਾਵਨੀ ਦੇਣਾ ਚਾਹੁੰਦਾ ਹਾਂ ਕਿ ਸਿੱਖਾਂ ਤੋਂ ਵੱਡਾ ਕੋਈ ਦੇਸ਼ਭਗਤ ਨਹੀਂ ਹੋ ਸਕਦਾ। ਵਾਰ-ਵਾਰ ਸਾਡੇ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ, ਜਿਸ ਕਾਰਨ ਦੁਨੀਆ ਭਰ ਦੇ ਸਿੱਖਾਂ ਨੂੰ ਠੇਸ ਪਹੁੰਚੇ। ਮੈਂ ਸਖਤੀ ਨਾਲ ਡੀ. ਐੱਸ. ਜੀ. ਐੱਮ. ਸੀ. ਦਾ ਪ੍ਰਧਾਨ ਹੋਣ ਕਰਕੇ ਸੁਬਰਾਮਣੀਅਮ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਦਿੱਤੇ ਬਿਆਨ ਨੂੰ ਰੱਦ ਕਰੇ ਅਤੇ ਇਸ ਤੋਂ ਇਲਾਵਾ ਜੇਕਰ ਕੋਈ ਵੀ ਕਰਤਾਰਪੁਰ ਲਾਂਘੇ ਦੇ ਕੰੰਮ ਨੂੰ ਰੋਕਣ ਜਾਂ ਰੋੜ੍ਹਾ ਬਣਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਵਿਰੁੱਖ ਸਖਤ ਕਦਮ ਚੁੱਕੇ ਜਾਣਗੇ।

ਦੱਸਣਯੋਗ ਹੈ ਕਿ ਬੀਤੇ ਦਿਨ ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਣੀਅਮ ਸੁਵਾਮੀ ਨੇ ਇੱਕ ਪ੍ਰੋਗਰਾਮ ਦੌਰਾਨ ਕਰਤਾਰਪੁਰ ਲਾਂਘੇ 'ਤੇ ਚੱਲ ਰਹੇ ਕੰਮ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ।


author

Iqbalkaur

Content Editor

Related News