ਗਰਮੀ ਵਧਣ ਕਾਰਨ ਕੇਰਲ ਦੇ ਸਕੂਲਾਂ ’ਚ ਵਿਦਿਆਰਥੀਆਂ ਨੂੰ ਪਾਣੀ ਪੀਣ ਲਈ ਮਿਲੇਗੀ ‘ਬ੍ਰੇਕ’
Sunday, Feb 18, 2024 - 02:24 PM (IST)
ਤਿਰੂਵਨੰਤਪੁਰਮ-ਕੇਰਲ ਵਿੱਚ ਦਿਨੋ-ਦਿਨ ਵੱਧ ਰਹੇ ਤਾਪਮਾਨ ਨੂੰ ਵੇਖਦੇ ਹੋਏ ਸੂਬਾ ਸਰਕਾਰ ਸਕੂਲਾਂ ਵਿੱਚ ‘ਵਾਟਰ-ਬੈੱਲ’ ਸਿਸਟਮ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਵਿਦਿਆਰਥੀ ਗਰਮੀਆਂ ਦੌਰਾਨ ਡੀਹਾਈਡਰੇਸ਼ਨ ਤੋਂ ਬਚਣ ਲਈ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ। ਇਸ ਨਵੀਂ ਪਹਿਲਕਦਮੀ ਅਧੀਨ ਬੱਚਿਆਂ ਨੂੰ ਪਾਣੀ ਪੀਣ ਦੀ ਯਾਦ ਦੁਆਉਣ ਲਈ ਸੂਬੇ ਦੇ ਸਾਰੇ ਸਕੂਲਾਂ ਵਿੱਚ ਸਵੇਰੇ 10.30 ਵਜੇ ਅਤੇ ਦੁਪਹਿਰ 2.30 ਵਜੇ ਦੋ ਵਾਰ ‘ਵਾਟਰ-ਬੈੱਲ’ ਵਜਾਈ ਜਾਏਗੀ।
ਵਿਦਿਆਰਥੀਆਂ ਨੂੰ ਪਾਣੀ ਪੀਣ ਲਈ ਪੰਜ ਮਿੰਟ ਦਿੱਤੇ ਜਾਣਗੇ। ਸਿੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ ਸੂਬੇ ਵਿੱਚ ਤਾਪਮਾਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਲਈ ਸਕੂਲੀ ਸਮੇਂ ਦੌਰਾਨ ਬੱਚਿਆਂ ਨੂੰ ਭਰਪੂਰ ਪਾਣੀ ਪੀਣਾ ਯਕੀਨੀ ਬਣਾਉਣਾ ਜ਼ਰੂਰੀ ਹੈ।