ਲਾਕ ਡਾਊਨ ਦਰਮਿਆਨ ਵਿਦਿਆਰਥੀਆਂ ਲਈ ਚੰਗੀ ਖ਼ਬਰ, ਲਾਂਚ ਹੋਈ ਨਵੀਂ ਵੈੱਬਸਾਈਟ

04/04/2020 1:15:41 PM

ਨਵੀਂ ਦਿੱਲੀ— ਲਾਕ ਡਾਊਨ ਦਰਮਿਆਨ ਕੇਂਦਰ ਸਰਕਾਰ ਨੇ ਵਿਦਿਆਰਥੀਆਂ ਲਈ ਇਕ ਨਵੀਂ ਵੈੱਬਸਾਈਟ ਲਾਂਚ ਕੀਤੀ ਹੈ। ਇਹ ਪੋਰਟਲ ਖਾਸ ਤੌਰ 'ਤੇ ਵਿਦਿਆਰਥੀਆਂ ਲਈ ਹੀ ਹੈ। ਉਨ੍ਹਾਂ ਤਕ ਹਰ ਸੰਭਵ ਮਦਦ ਪਹੁੰਚਾਉਣ ਲਈ ਇਸ ਪੋਰਟਲ ਦਾ ਲਾਭ ਹਰ ਵਿਦਿਆਰਥੀ ਲੈ ਸਕਦਾ ਹੈ। ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ (ਐੱਮ. ਐੱਚ. ਆਰ. ਡੀ.) ਅਤੇ ਆਲ ਇੰਡੀਆ ਕੌਂਸਲ ਫਾਰ ਤਕਨਾਲੋਜੀ ਐਜੁਕੇਸ਼ਨ (ਏ. ਆਈ. ਸੀ. ਟੀ. ਈ.) ਨੇ ਮਿਲ ਕੇ ਇਹ ਪੋਰਟਲ ਤਿਆਰ ਕੀਤਾ ਹੈ। ਇਸ ਪੋਰਟਲ ਨੂੰ ਏ. ਆਈ. ਸੀ. ਟੀ. ਈ. ਦੇ ਦੋ ਵਿਦਿਆਰਥੀਆਂ ਇੰਟਰਨਸ- ਸ਼ਿਵਾਂਸ਼ੂ ਅਤੇ ਆਕਾਸ਼ ਨੇ ਸਿਰਫ ਇਕ ਦਿਨ 'ਚ ਬਣਾਇਆ ਹੈ। ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਸ਼ੁੱਕਰਵਾਰ ਸ਼ਾਮ ਨੂੰ ਇਸ ਪੋਰਟਲ ਨੂੰ ਲਾਂਚ ਕੀਤਾ ਹੈ।

ਦਰਅਸਲ ਕੋਰੋਨਾ ਵਾਇਰਸ ਨਾਲ ਲੜਨ ਲਈ ਦੇਸ਼ ਭਰ ਵਿਚ ਲਾਕ ਡਾਊਨ ਹੈ ਅਤੇ ਸਾਰੇ ਸਕੂਲ, ਕਾਲਜ ਅਤੇ ਹੋਰ ਸਿੱਖਿਅਕ ਅਦਾਰੇ ਬੰਦ ਹਨ। ਅਜਿਹੇ ਹਾਲਾਤ ਵਿਚ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪੋਰਟਲ ਉਨ੍ਹਾਂ ਦੀ ਹਰ ਪਰੇਸ਼ਾਨੀ ਦਾ ਹੱਲ ਉਨ੍ਹਾਂ ਤਕ ਪਹੁੰਚਾਉਣ ਦੇ ਉਦੇਸ਼ ਨਾਲ ਬਣਾਇਆ ਗਿਆ  ਹੈ।

ਇਸ ਪੋਰਟਲ ਦਾ ਲਿੰਕ ਹੈ— https://helpline.aicte-india.org/home.php?city=noida

ਕਿਵੇਂ ਕਰਦਾ ਹੈ ਇਹ ਪੋਰਟਲ ਕੰਮ—
ਇਸ ਪੋਰਟਲ ਦਾ ਨਾਮ ਹੈ— ਸਟੂਡੈਂਟਸ ਹੈਲਪਲਾਈਨ ਇੰਡੀਆ। ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਦੱਸਿਆ ਕਿ ਇਹ ਪੋਰਟਲ ਮਦਦ ਚਾਹੁਣ ਵਾਲਿਆਂ ਅਤੇ ਮਦਦ ਦੇਣ ਵਾਲਿਆਂ ਨੂੰ ਇਕ ਥਾਂ ਲਿਆਉਂਦਾ ਹੈ। ਇਕ-ਦੂਜੇ ਨਾਲ ਜੋੜਨ ਦਾ ਕੰਮ ਕਰਦਾ ਹੈ। ਇਸ ਜ਼ਰੀਏ ਤੁਸੀਂ ਆਨਲਾਈਨ ਕਲਾਸ, ਅਟੈਂਡੇਂਸ, ਇਮਤਿਹਾਨ, ਸਕਾਲਰਸ਼ਿਪ, ਰਹਿਣ, ਖਾਣ, ਸਿਹਤ ਅਤੇ ਟਰਾਂਸਪੋਰਟ ਬਾਰੇ ਹਰ ਤਰ੍ਹਾਂ ਦੀ ਮਦਦ ਲੈ ਸਕਦੇ ਹੋ। ਇੱਥੋਂ ਤਕ ਕਿ ਕਿਸੇ ਤਰ੍ਹਾਂ ਦੇ ਸ਼ੋਸ਼ਣ ਦੇ ਮਾਮਲਿਆਂ ਵਿਚ ਵੀ ਇਹ ਪੋਰਟਲ ਤੁਹਾਡੀ ਮਦਦ ਕਰੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਕਰੀਬ 6500 ਕਾਲਜ ਇਸ ਪੋਰਟਲ ਨਾਲ ਜੁੜਨ ਅਤੇ ਮਦਦ ਪਹੁੰਚਾਉਣ ਲਈ ਅੱਗੇ ਵੀ ਆ ਚੁੱਕੇ ਹਨ। ਕੇਂਦਰੀ ਮੰਤਰੀ ਨਿਸ਼ੰਕ ਨੇ ਦੇਸ਼ ਭਰ ਦੇ ਸਾਰੇ ਵਿਦਿਆਰਥੀਆਂ ਨੂੰ ਇਸ ਪੋਰਟਲ ਨਾਲ ਜੁੜਨ ਅਤੇ ਇਸ ਦਾ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਹੈ।


Tanu

Content Editor

Related News