ਰਾਮ ਮੰਦਰ 'ਚ ਸਫ਼ਾਈ ਕਰਮੀ ਵਜੋਂ ਕੰਮ ਕਰਨ ਵਾਲੀ ਵਿਦਿਆਰਥਣ ਨਾਲ ਸਮੂਹਿਕ ਜਬਰ ਜ਼ਿਨਾਹ
Friday, Sep 13, 2024 - 06:12 PM (IST)
ਅਯੁੱਧਿਆ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਰਾਮ ਮੰਦਰ 'ਚ ਸਫ਼ਾਈ ਕਰਮੀ ਵਜੋਂ ਕੰਮ ਕਰਨ ਵਾਲੀ 20 ਸਾਲਾ ਇਕ ਕੁੜੀ ਵਲੋਂ 9 ਲੋਕਾਂ 'ਤੇ ਸਮੂਹਿਕ ਜਬਰ ਜ਼ਿਨਾਹ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਪੁਲਸ ਨੇ ਹੁਣ ਤੱਕ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤਾ ਬੀਏ ਅੰਤਿਮ ਸਾਲ ਦੀ ਪੜ੍ਹਾਈ ਕਰ ਰਹੀ ਹੈ। ਅਯੁੱਧਿਆ ਦੇ ਕੈਂਟ ਥਾਣੇ 'ਚ ਵਿਦਿਆਰਥਣ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, 16 ਤੋਂ 25 ਅਗਸਤ ਦਰਮਿਆਨ ਤਿੰਨ ਵੱਖ-ਵੱਖ ਮੌਕਿਆਂ 'ਤੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ। ਕੈਂਟ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਅਮਰੇਂਦਰ ਪ੍ਰਤਾਪ ਸਿੰਘ ਨੇ ਸ਼ੁਰੂ 'ਚ ਦੱਸਿਆ ਸੀ,''ਐੱਫ.ਆਈ.ਆਰ. 2 ਸਤੰਬਰ ਨੂੰ ਦਰਜ ਕੀਤੀ ਗਈ ਅਤੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।''
ਇਸ ਤੋਂ ਬਾਅਦ ਸ਼ੁੱਕਰਵਾਰ ਦੁਪਹਿਰ ਨੂੰ ਅਯੁੱਧਿਆ ਦੇ ਪੁਲਸ ਸੁਪਰਡੈਂਟ ਮਧੁਵਨ ਸਿੰਘ ਨੇ 2 ਹੋਰ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ। ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਪਛਾਣ ਵੰਸ਼, ਵਿਨੇ, ਸ਼ਾਰਿਕ, ਸ਼ਿਵਾ ਅਤੇ ਉੱਦਿਤ ਵਜੋਂ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ,''ਫੜੇ ਗਏ ਲੋਕਾਂ 'ਚੋਂ ਤਿੰਨ ਨੂੰ ਐੱਫ.ਆਈ.ਆਰ. ਦਰਜ ਹੋਣ ਦੇ ਇਕ ਦਿਨ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 2 ਹੋਰ ਨੂੰ ਬਾਅਦ 'ਚ ਗ੍ਰਿਫ਼ਤਾਰ ਕੀਤਾ ਗਿਆ। ਮਾਮਲੇ ਦੀ ਜਾਂਚ ਜਾਰੀ ਹੈ।'' ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਔਰਤ ਨੇ ਦਾਅਵਾ ਕੀਤਾ,''ਉਹ ਅਯੁੱਧਿਆ 'ਚ ਰਾਮ ਜਨਮਭੂਮੀ 'ਤੇ ਸਫ਼ਾਈ ਕਰਮੀ ਵਜੋਂ ਕੰਮ ਕਰਦੀ ਹੈ ਅਤੇ ਇਕ ਸਥਾਨਕ ਯੂਨੀਵਰਸਿਟੀ 'ਚ ਬੀਏ ਅੰਤਿਮ ਸਾਲ ਦੀ ਵਿਦਿਆਰਥਣ ਹੈ।'' ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 127 (2) (ਗਲਤ ਤਰੀਕੇ ਨਾਲ ਬੰਧਕ ਬਣਾਉਣਾ), 75 (ਜਿਨਸੀ ਸ਼ੋਸ਼ਣ) ਅਤੇ 70 (1) (ਸਮੂਹਿਕ ਜਬਰ ਜ਼ਿਨਾਹ) ਦੇ ਅਧੀਨ 7 ਲੋਕਾਂ ਖ਼ਿਲਾਫ਼ ਨਾਮਜ਼ਦ ਅਤੇ 2 ਅਣਪਛਾਤੇ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8