ਹੱਥ ਨਹੀਂ ਪਰ ਇਰਾਦਾ ਮਜ਼ਬੂਤ ਹੈ, ਪੈਰਾਂ ਨਾਲ ਪ੍ਰੀਖਿਆ ਦੇ ਰਿਹੈ ਇਹ ਲੜਕਾ
Thursday, Feb 20, 2020 - 11:57 AM (IST)
ਬੁਲੰਦਸ਼ਹਿਰ— ਕਹਿੰਦੇ ਨੇ ਇਨਸਾਨ ਦੇ ਹੌਂਸਲੇ ਅਤੇ ਮਜ਼ਬੂਤ ਇਰਾਦੇ ਅੱਗੇ ਵੱਡੇ-ਵੱਡੇ ਪਹਾੜ ਵੀ ਗੋਡੇ ਟੇਕ ਲੈਂਦੇ ਹਨ। ਕੁਝ ਅਜਿਹੇ ਹੀ ਬੁਲੰਦ ਅਤੇ ਮਜ਼ਬੂਤ ਇਰਾਦਿਆਂ ਵਾਲਾ ਹੈ, ਇਹ ਲੜਕਾ। ਇਹ ਲੜਕਾ ਹੱਥ ਨਾ ਹੋਣ ਦੇ ਬਾਵਜੂਦ ਪੜ੍ਹਾਈ ਕਰ ਰਿਹਾ ਹੈ। ਹੱਥ ਨਾਲ ਹੋਣ ਕਾਰਨ ਉਹ ਪੈਰਾਂ ਨਾਲ ਪ੍ਰੀਖਿਆ ਦਿੰਦਾ ਹੈ। ਇਹ ਲੜਕਾ ਬੁਲੰਦਸ਼ਹਿਰ ਦੇ ਇਕ ਸਕੂਲ ਦਾ ਵਿਦਿਆਰਥੀ ਹੈ। ਲੜਕੇ ਦਾ ਨਾਂ ਰੋਹਿਤ ਹੈ, ਜਿਸ ਨੇ ਇਕ ਹਾਦਸੇ ਵਿਚ ਆਪਣੇ ਹੱਥ ਗੁਆ ਲਏ ਸਨ ਪਰ ਇਸ ਦੇ ਬਾਵਜੂਦ ਵੀ ਉਸ ਨੇ ਹੌਂਸਲਾ ਨਹੀਂ ਛੱਡਿਆ। ਪੜ੍ਹਾਈ 'ਚ ਉਸ ਦਾ ਮਨ ਹਮੇਸ਼ਾ ਲੱਗਾ ਰਿਹਾ। ਉਹ ਹੱਥਾਂ ਨਾਲ ਨਹੀਂ ਪੈਰਾਂ ਨਾਲ ਹੀ ਲਿਖ ਕੇ ਆਪਣੀ ਪ੍ਰੀਖਿਆ ਦਿੰਦਾ ਹੈ। ਰੋਹਿਤ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਤੋਂ ਹੀ ਪੈਰਾਂ ਨਾਲ ਲਿਖਣ ਦੀ ਕੋਸ਼ਿਸ਼ ਕੀਤੀ। ਹੌਲੀ-ਹੌਲੀ ਉਸ ਦੇ ਪੈਰਾਂ ਦੀਆਂ ਉਂਗਲਾਂ ਦੀ ਪਕੜ ਮਜ਼ਬੂਤ ਹੋਣ ਲੱਗੀ। ਪੈਰਾਂ ਨਾਲ ਲਿਖਣਾ ਹੁਣ ਉਸ ਦੀ ਆਦਤ ਹੋ ਗਈ ਹੈ। ਫਿਰ ਜਦੋਂ ਪ੍ਰੀਖਿਆ ਦੀ ਘੜੀ ਨੇੜੇ ਆਉਂਦੀ ਹੈ ਤਾਂ ਉਹ ਆਪਣੀ ਕਸੌਟੀ 'ਤੇ ਖਰ੍ਹਾ ਉਤਰਦਾ ਹੈ।
ਉੱਤਰ ਪ੍ਰਦੇਸ਼ ਬੋਰਡ ਪ੍ਰੀਖਿਆ 2020 ਲਈ ਮੰਗਲਵਾਰ ਨੂੰ 10ਵੀਂ ਜਮਾਤ ਦੀ ਹਿੰਦੀ ਦੀ ਪ੍ਰੀਖਿਆ ਸੀ। ਇਸ ਲਈ ਰੋਹਿਤ ਸਾਰੀਆਂ ਤਿਆਰੀਆਂ ਪੂਰੀਆਂ ਕਰ ਕੇ ਆਇਆ ਸੀ। ਇਸ ਤਿਆਰੀ ਅਤੇ ਜਜ਼ਬੇ ਤੋਂ ਰੋਹਿਤ ਨੇ ਪ੍ਰੀਖਿਆ ਦਿੱਤੀ ਅਤੇ ਆਪਣੇ ਹੌਂਸਲਿਆਂ ਨੂੰ ਅੰਜ਼ਾਮ ਤਕ ਪਹੁੰਚਾਇਆ। ਜਦੋਂ ਉਹ ਆਪਣੀ ਜਮਾਤ ਵਿਚ ਪੈਰਾਂ ਦੀਆਂ ਉਂਗਲਾਂ 'ਚ ਪੈੱਨ ਫਸਾ ਕੇ ਲਿਖਦੇ ਸਨ ਤਾਂ ਹਰ ਕੋਈ ਉਨ੍ਹਾਂ ਦਾ ਹੌਂਸਲਾ ਵਧਾ ਰਿਹਾ ਸੀ। ਰੋਹਿਤ ਦਾ ਦਾਅਵਾ ਹੈ ਕਿ ਉਸ ਦਾ ਪੇਪਰ ਚੰਗਾ ਗਿਆ ਅਤੇ ਉਮੀਦ ਹੈ ਕਿ ਉਸ ਨੂੰ ਮਿਹਨਤ ਦਾ ਬਿਹਤਰ ਨਤੀਜਾ ਮਿਲੇਗਾ। ਇੱਥੇ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਬੋਰਡ ਦੀ ਹਾਈ ਸਕੂਲ ਅਤੇ ਇੰਟਰਮੀਡੀਏਟ ਦੀਆਂ ਪ੍ਰੀਖਿਆ 18 ਫਰਵਰੀ ਤੋਂ ਸ਼ੁਰੂ ਹੋ ਗਈ ਹੈ। ਇਸ ਵਾਰ ਬੋਰਡ ਦੀ ਪ੍ਰੀਖਿਆ 'ਚ 56 ਲੱਖ 7 ਹਜ਼ਾਰ 118 ਵਿਦਿਆਰਥੀ ਸ਼ਾਮਲ ਹੋਣਗੇ।