ਅੱਜ ਦਿੱਲੀ ਪਹੁੰਚੇਗੀ ਕੈਨੇਡਾ ''ਚ ਗੋਲੀ ਨਾਲ ਮਾਰੀ ਗਈ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਮ੍ਰਿਤਕ ਦੇਹ
Friday, Apr 25, 2025 - 04:50 PM (IST)

ਜੈਤੋ, (ਰਘੂਨੰਦਨ ਪਰਾਸ਼ਰ )- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਂਝੀ ਕਰ ਰਿਹਾ ਹਾਂ। ਕੈਨੇਡਾ ਵਿਖੇ ਗੋਲੀ ਲੱਗਣ ਕਾਰਨ ਮੇਰੇ ਹਲਕੇ ਖਡੂਰ ਸਾਹਿਬ ਦੇ ਪਿੰਡ ਧੂੰਦਾ ਦੀ ਧੀ, ਵਿਦਿਆਰਥਣ ਹਰਸਿਮਰਤ ਕੌਰ ਰੰਧਾਵਾ ਦੀ ਮੌਤ ਹੋ ਗਈ ਸੀ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਬੀਤੇ ਕੱਲ੍ਹ ਮੈਂ ਪਿੰਡ ਧੂੰਦਾ ਵਿਖੇ ਮ੍ਰਿਤਕ ਹਰਸਿਮਰਤ ਕੌਰ ਦੇ ਦੁਖੀ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ, ਮੈਂ ਪਰਿਵਾਰ ਨੂੰ ਭਾਰਤੀ ਕੌਂਸਲੇਟ ਵੱਲੋਂ ਵਿਦੇਸ਼ ਮੰਤਰਾਲੇ ਜ਼ਰੀਏ ਪ੍ਰਾਪਤ ਹੋਈ ਜਾਣਕਾਰੀ ਤੋਂ ਵੀ ਜਾਣੂ ਕਰਵਾਇਆ।
ਪਰਿਵਾਰ ਦੀ ਮੁੱਖ ਮੰਗ ਸੀ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਆਖ਼ਰੀ ਰਸਮਾਂ ਨਿਭਾਅ ਸਕਣ। ਇਸ ਸੰਬੰਧ ਵਿੱਚ ਮੈਂ ਇੱਕ ਵਾਰ ਫਿਰ ਵਿਦੇਸ਼ ਮੰਤਰਾਲੇ ਕੋਲ ਗੁਜ਼ਾਰਿਸ਼ ਕੀਤੀ। ਇਹ ਦੱਸਦੇ ਹੋਏ ਮਨ ਨੂੰ ਕੁਝ ਤਸੱਲੀ ਹੈ ਕਿ ਇਸ ਮਾਮਲੇ ਵਿੱਚ ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਦਖ਼ਲਅੰਦਾਜ਼ੀ ਜ਼ਰੀਏ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਦੀ ਕਾਰਵਾਈ ਬਹੁਤ ਤੇਜ਼ੀ ਨਾਲ ਮੁਕੰਮਲ ਹੋਈ ਹੈ।
ਭਾਰਤੀ ਕੌਂਸਲੇਟ, ਕੈਨੇਡਾ ਵੱਲੋਂ ਮੈਨੂੰ ਸੂਚਿਤ ਕੀਤਾ ਗਿਆ ਹੈ ਕਿ ਹਰਸਿਮਰਤ ਕੌਰ ਰੰਧਾਵਾ ਦੀ ਮ੍ਰਿਤਕ ਦੇਹ ਨੂੰ ਏਅਰ ਇੰਡੀਆ ਦੀ ਫ਼ਲਾਈਟ ਨੰਬਰ AI 188 ਰਾਹੀਂ ਅੱਜ, ਮਿਤੀ 24 ਅਪ੍ਰੈਲ 2025 ਨੂੰ ਰਵਾਨਾ ਕਰ ਦਿੱਤਾ ਗਿਆ। ਇਹ ਫਲਾਈਟ ਮਿਤੀ 25 ਅਪ੍ਰੈਲ 2025 ਨੂੰ ਨਵੀਂ ਦਿੱਲੀ ਪਹੁੰਚੇਗੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਖਾਸ ਕਰਕੇ ਵਿਦੇਸ਼ ਮੰਤਰਾਲੇ ਦਾ ਇਸ ਤੇਜ਼ੀ ਨਾਲ ਕੀਤੀ ਗਈ ਕਾਰਵਾਈ ਅਤੇ ਇਸ ਔਖੀ ਘੜੀ ਵਿੱਚ ਪਰਿਵਾਰ ਨੂੰ ਸਹਿਯੋਗ ਦੇਣ ਲਈ ਧੰਨਵਾਦ ਪ੍ਰਗਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਸ ਨਾਲ ਪਰਿਵਾਰ ਦੇ ਸਿਰ ਪਏ ਦੁੱਖ ਦੇ ਪਹਾੜ ਨੂੰ ਤਾਂ ਨਹੀਂ ਘਟਾਇਆ ਜਾ ਸਕਦਾ ਪਰ ਇਸ ਔਖੀ ਘੜੀ ਵਿੱਚ ਆਪਣੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਮੇਰਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਅਸੀ ਸਾਰੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਖੜ੍ਹੇ ਹਾਂ।