ਨਾਬਾਲਗ ਵਿਦਿਆਰਥਣ ਨਾਲ ਸਮੂਹਕ ਜਬਰ ਜ਼ਿਨਾਹ ਦੇ ਮਾਮਲੇ ''ਚ ਪ੍ਰਿੰਸੀਪਲ ਨੂੰ ਫਾਂਸੀ ਦੀ ਸਜ਼ਾ
Tuesday, Feb 16, 2021 - 10:28 AM (IST)
 
            
            ਪਟਨਾ- ਬਿਹਾਰ ਦੇ ਪਟਨਾ ਜ਼ਿਲ੍ਹੇ ਦੀ ਇਕ ਕੋਰਟ ਨੇ ਸੋਮਵਾਰ ਨਾਬਾਲਗ ਵਿਦਿਆਰਥਣ (11) ਨਾਲ ਸਮੂਹਕ ਜਬਰ ਜ਼ਿਨਾਹ ਦੇ ਮਾਮਲੇ 'ਚ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੂੰ ਫਾਂਸੀ ਅਤੇ ਇਕ ਹੋਰ ਅਧਿਆਪਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਵਿਸ਼ੇਸ਼ ਜੱਜ (ਪੋਕਸੋ ਕਾਨੂੰਨ) ਅਵਧੇਸ਼ ਕੁਮਾਰ ਨੇ ਉਕਤ ਮਾਮਲੇ ਦੇ ਦੋਸ਼ੀ ਅਤੇ ਫੁਲਵਾਰੀ ਸ਼ਰੀਫ਼ ਮੁਹੱਲਾ ਸਥਿਤ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਅਰਵਿੰਦ ਕੁਮਾਰ ਨੂੰ ਫਾਂਸੀ ਅਤੇ ਅਧਿਆਪਕ ਅਭਿਸ਼ੇਕ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਕੋਰਟ ਨੇ ਆਈ.ਪੀ.ਸੀ. ਦੀ ਧਾਰਾ 376 (ਬੀ ਅਤੇ ਡੀ) ਅਤੇ 120ਬੀ ਤੇ ਪੋਕਸੋ ਕਾਨੂੰਨ ਦੇ ਅਧੀਨ ਪਟਨਾ ਜ਼ਿਲ੍ਹੇ ਦੇ ਮਹਿਲਾ ਥਾਣੇ 'ਚ 19 ਸਤੰਬਰ 2018 ਨੂੰ ਦਰਜ ਕਰਵਾਏ ਗਏ ਮਾਮਲੇ 'ਚ ਪ੍ਰਿੰਸੀਪਲ ਨੂੰ ਇਕ ਲੱਖ ਰੁਪਏ ਅਤੇ ਅਧਿਆਪਕ ਨੂੰ 50 ਹਜ਼ਾਰ ਰੁਪਏ ਜੁਰਮਾਨੇ ਦੀ ਵੀ ਸਜ਼ਾ ਸੁਣਾਈ ਹੈ। ਪ੍ਰਿੰਸੀਪਲ ਅਤੇ ਅਧਿਆਪਕ ਨੇ 5ਵੀਂ ਜਮਾਤ ਦੀ ਵਿਦਿਆਰਥਣ ਨੂੰ ਡਰਾ-ਧਮਕਾ ਕੇ ਉਸ ਨਾਲ ਇਕ ਮਹੀਨੇ ਤੱਕ ਜਬਰ ਜ਼ਿਨਾਹ ਕੀਤਾ। ਪੀੜਤਾ ਦੇ ਗਰਭਵਤੀ ਹੋਣ ਤੋਂ ਬਾਅਦ ਮਾਮਲੇ ਸਾਹਮਣੇ ਆਇਆ, ਜਿਸ ਤੋਂ ਬਾਅਦ ਬੱਚੀ ਦੇ ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਥਾਣੇ 'ਚ ਕੀਤੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            