ਅਕਤੂਬਰ-ਨਵੰਬਰ ’ਚ ਪਰਾਲੀ ਸਾੜਨ ਤੋਂ ਨਿਕਲਣ ਵਾਲਾ ਧੂੰਆਂ 4 ਸਾਲਾਂ ’ਚ ਸਭ ਤੋਂ ਘੱਟ: CSE
Tuesday, Dec 13, 2022 - 05:33 PM (IST)
ਨਵੀਂ ਦਿੱਲੀ- ਪੰਜਾਬ ਅਤੇ ਹਰਿਆਣਾ ’ਚ ਇਸ ਮੌਸਮ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ 2016 ਤੋਂ ਬਾਅਦ ਸਭ ਤੋਂ ਘੱਟ ਰਹੀ। ਇੱਥੋਂ ਤੱਕ ਕਿ ਰਾਸ਼ਟਰੀ ਰਾਜਧਾਨੀ ’ਚ ਅਕਤੂਬਰ-ਨਵੰਬਰ ਦੌਰਾਨ 4 ਸਾਲਾਂ ’ਚ ਪਰਾਲੀ ਸਾੜਨ ਨਾਲ ਨਿਕਲਣ ਵਾਲਾ ਧੂੰਆਂ ਸਭ ਤੋਂ ਘੱਟ ਵੇਖਿਆ ਗਿਆ। ਸੈਂਟਰ ਫ਼ਾਰ ਸਾਇੰਸ ਐਂਡ ਐਨਵਾਇਰਮੈਂਟ (CSE) ਦੇ ਵਿਸ਼ਲੇਸ਼ਣ ’ਚ ਇਹ ਗੱਲ ਸਾਹਮਣੇ ਆਈ ਹੈ।
ਕੇਂਦਰੀ ਪ੍ਰਿਥਵੀ ਵਿਗਿਆਨ ਮੰਤਰਾਲਾ ਦੀ ਹਵਾ ਗੁਣਵੱਤਾ ਪੂਰਵ ਅਨੁਮਾਨ ਏਜੰਸੀ ‘ਸਫਰ’ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ 12 ਅਕਤੂਬਰ ਤੋਂ ਪਰਾਲੀ ਸਾੜੇ ਜਾਣ ਨਾਲ ਨਿਕਲੇ ਧੂੰਏਂ ਦੀ ਵਜ੍ਹਾ ਨਾਲ ਪ੍ਰਦੂਸ਼ਕ ਕਣਾਂ- ਪੀਐੱਮ-25 ਨੇ ਇਸ ਸਾਲ 53 ਦਿਨ ਤੱਕ ਹਵਾ ਪ੍ਰਦੂਸ਼ਣ ’ਚ ਯੋਗਦਾਨ ਦਿੱਤਾ। ਇਹ ਅੰਕੜਾ ਪਿਛਲੇ ਤਿੰਨ ਸਾਲਾਂ ਨਾਲੋਂ ਘੱਟ ਹੈ, ਜਦੋਂ ਪਰਾਲੀ ਸਾੜਨ ਕਾਰਨ 56-57 ਦਿਨਾਂ ਲਈ ਨੁਕਸਾਨਦੇਹ ਧੂੰਆਂ ਪੈਦਾ ਹੋਇਆ ਸੀ, ਪਰ 2018 ਦੇ 48 ਦਿਨਾਂ ਦੇ ਅੰਕੜੇ ਨਾਲੋਂ ਵੱਧ ਹੈ।
ਪਰਾਲੀ ਸਾੜੇ ਜਾਣ ਨਾਲ ਸਬੰਧਤ ਧੂੰਏਂ ਦਾ ਹਵਾ ਪ੍ਰਦੂਸ਼ਣ ’ਚ ਯੋਗਦਾਨ ਇਸ ਸਾਲ ਸਭ ਤੋਂ ਜ਼ਿਆਦਾ 3 ਨਵੰਬਰ ਨੂੰ 34 ਫ਼ੀਸਦੀ ਸੀ, ਉੱਥੇ ਹੀ ਪਿਛਲੇ ਸਾਲ ਇਹ 7 ਨਵੰਬਰ ਨੂੰ ਸਭ ਤੋਂ ਵੱਧ 48 ਫ਼ੀਸਦੀ ਸੀ। CSE ਨੇ ਕਿਹਾ ਕਿ ਪਰਾਲੀ ਸਾੜੇ ਜਾਣ ਨਾਲ ਸਬੰਧਤ ਧੂਏਂ ’ਚ ਕਮੀ ਦਿੱਲੀ ਵਿਚ ਦੋ ਪ੍ਰਮੁੱਖ ਕਾਰਕਾਂ ’ਤੇ ਨਿਰਭਰ ਕਰਦੀ ਹੈ- ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਅਤੇ ਤੀਬਰਤਾ, ਰਾਜਧਾਨੀ ’ਚ ਧੂੰਏਂ ਲਈ ਅਨੁਕੂਲ ਮੌਸਮ ਸਥਿਤੀਆਂ।