ਪੈਕਡ ਫੂਡ ‘ਤੇ ਵਧੇਗੀ ਸਖ਼ਤੀ: FSSAI ਨੇ ਸੁਪਰੀਮ ਕੋਰਟ ‘ਚ ਦਿੱਤਾ ਪ੍ਰਸਤਾਵ

Thursday, Sep 24, 2026 - 01:44 AM (IST)

ਪੈਕਡ ਫੂਡ ‘ਤੇ ਵਧੇਗੀ ਸਖ਼ਤੀ: FSSAI ਨੇ ਸੁਪਰੀਮ ਕੋਰਟ ‘ਚ ਦਿੱਤਾ ਪ੍ਰਸਤਾਵ

ਨਵੀਂ ਦਿੱਲੀ : ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ (FSSAI) ਨੇ ਪੈਕੇਜਡ ਖਾਧ ਪਦਾਰਥਾਂ ਵਿੱਚ ਸ਼ੂਗਰ, ਫੈਟ ਅਤੇ ਨਮਕ ਵਰਗੇ ਪੋਸ਼ਕ ਤੱਤਾਂ ਦੀ ਮਾਤਰਾ ਬਾਰੇ ਉਪਭੋਗਤਾਵਾਂ ਨੂੰ ਸਪੱਸ਼ਟ ਜਾਣਕਾਰੀ ਦੇਣ ਲਈ 'ਫਰੰਟ-ਆਫ-ਪੈਕ ਨਿਊਟ੍ਰੀਸ਼ਨ ਲੇਬਲਿੰਗ' (FoPL) ਲਾਗੂ ਕਰਨ ਦਾ ਪ੍ਰਸਤਾਵ ਰੱਖਿਆ ਹੈ। FSSAI ਵੱਲੋਂ ਸੁਪਰੀਮ ਕੋਰਟ ਵਿੱਚ ਦਾਖਲ ਕੀਤੇ ਗਏ ਇੱਕ ਹਲਫ਼ਨਾਮੇ ਵਿੱਚ ਇਸ ਨਿਯਮ ਨੂੰ ਇੱਕੋ ਗੇੜ ਵਿੱਚ ਲਾਗੂ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਅੰਤਿਮ ਨਿਯਮ ਨੋਟੀਫਾਈ ਹੋਣ ਤੋਂ ਬਾਅਦ ਕੰਪਨੀਆਂ ਨੂੰ ਆਪਣੀ ਮਰਜ਼ੀ ਨਾਲ ਇਸ ਨਿਯਮ ਨੂੰ ਅਪਣਾਉਣ ਲਈ 365 ਦਿਨਾਂ ਦਾ ਸਮਾਂ ਦੇਣ ਦਾ ਪ੍ਰਸਤਾਵ ਹੈ।

ਇਸ ਪ੍ਰਸਤਾਵ ਅਨੁਸਾਰ ਪੈਕਡ ਫੂਡ ਦੇ ਪੈਕੇਟ ਦੇ ਸਾਹਮਣੇ ਵਾਲੇ ਹਿੱਸੇ ਵਿੱਚ ਉੱਪਰ ਬਾਈਂ (ਖੱਬੇ) ਪਾਸੇ ਇੱਕ ਸਫ਼ੈਦ ਵਰਗਾਕਾਰ ਬੈਕਗ੍ਰਾਊਂਡ ਅੰਦਰ 6 ਕੋਨਿਆਂ ਵਾਲਾ ਲਾਲ ਹੈਕਸਾਗਨ ਚਿਤਾਵਨੀ ਨਿਸ਼ਾਨ ਲਗਾਇਆ ਜਾਵੇਗਾ। ਇਸ ਲੇਬਲ ਦੇ ਅੰਦਰ ਸਬੰਧਤ ਪੋਸ਼ਕ ਤੱਤਾਂ ਦਾ ਨਾਂ ਲਿਖਿਆ ਹੋਵੇਗਾ ਅਤੇ ਇਹ ਚਿਤਾਵਨੀ ਆਸਾਨੀ ਨਾਲ ਦਿਖਾਈ ਅਤੇ ਪੜ੍ਹੀ ਜਾਣ ਯੋਗ ਹੋਵੇਗੀ। ਇਸ ਵਿੱਚ ਮੁੱਖ ਤੌਰ 'ਤੇ ਵਾਧੂ ਸ਼ੂਗਰ ਅਤੇ ਵਾਧੂ ਫੈਟ ਦੀ ਮਾਤਰਾ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਜਾਵੇਗਾ।

ਲੇਬਲਿੰਗ ਲਈ ਪੋਸ਼ਕ ਤੱਤਾਂ ਦੀ ਸੀਮਾ ICMR-NIN ਦੀਆਂ '2024 ਡਾਇਟਰੀ ਗਾਈਡਲਾਈਨਜ਼' ਦੇ ਆਧਾਰ 'ਤੇ ਤੈਅ ਕੀਤੀ ਜਾਵੇਗੀ। FSSAI ਅਨੁਸਾਰ ਕੇਵਲ ਖਾਧ ਪਦਾਰਥਾਂ ਦੇ ਪ੍ਰੋਸੈਸਿੰਗ ਪੱਧਰ ਦੀ ਬਜਾਏ ਉਸ ਦੀ ਪੋਸ਼ਕ ਸੰਰਚਨਾ ਨੂੰ ਆਧਾਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਕੁਝ ਖਾਸ ਉਤਪਾਦਾਂ 'ਤੇ 'CONTAIN NON CALORIC SWEETENER' ਵਰਗੀ ਵਾਧੂ ਚਿਤਾਵਨੀ ਲਿਖਣੀ ਵੀ ਲਾਜ਼ਮੀ ਹੋਵੇਗੀ। ਸਕੂਲਾਂ ਵਿੱਚ ਪੋਸ਼ਣ ਬਾਰੇ ਜਾਗਰੂਕਤਾ ਵਧਾਉਣ ਲਈ FSSAI ਦੁਆਰਾ 'Eat Right School' ਅਤੇ CBSE ਦੇ ਸਹਿਯੋਗ ਨਾਲ ਵਿਸ਼ੇਸ਼ ਪ੍ਰੋਗਰਾਮਾਂ 'ਤੇ ਵੀ ਜ਼ੋਰ ਦਿੱਤਾ ਗਿਆ ਹੈ।


author

Inder Prajapati

Content Editor

Related News