''Rum'' ਨਹੀਂ ''Rum-like'' ਲਿਖੋ, FSSAI ਦੇ ਸਖ਼ਤ ਰੁਖ਼ ਕਾਰਨ Old Monk ਨੂੰ 500 ਕਰੋੜ ਦਾ ਨੁਕਸਾਨ
Tuesday, Oct 13, 2026 - 09:14 AM (IST)
ਬਿਜ਼ਨੈੱਸ ਡੈਸਕ : ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ (FSSAI) ਅਤੇ ਪ੍ਰਸਿੱਧ ਸ਼ਰਾਬ ਬ੍ਰਾਂਡ 'Old Monk' ਦੇ ਨਿਰਮਾਤਾ ਮੋਹਨ ਰੌਕੀ ਸਪ੍ਰਿੰਗਵਾਟਰ ਪ੍ਰਾਈਵੇਟ ਲਿਮਟਿਡ ਵਿਚਕਾਰ ਚੱਲ ਰਿਹਾ ਵਿਵਾਦ ਬੰਬੇ ਹਾਈ ਕੋਰਟ ਤੱਕ ਪਹੁੰਚ ਗਿਆ ਹੈ। FSSAI ਨੇ ਅਦਾਲਤ ਵਿੱਚ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਉਹ Old Monk ਦੀ ਵਿਕਰੀ ਦੀ ਇਜਾਜ਼ਤ ਉਦੋਂ ਹੀ ਦੇਵੇਗਾ, ਜਦੋਂ ਕੰਪਨੀ ਆਪਣੀ ਬੋਤਲ ਦੇ ਲੇਬਲ 'ਤੇ 'Rum' (ਰਮ) ਦੀ ਬਜਾਏ 'Rum-like' (ਰਮ ਵਰਗੀ) ਲਿਖਣ ਲਈ ਸਹਿਮਤ ਹੋਵੇਗੀ।
500 ਕਰੋੜ ਰੁਪਏ ਦਾ ਘਾਟਾ ਅਤੇ 300 ਕਰਮਚਾਰੀ ਪ੍ਰਭਾਵਿਤ
ਮੁੱਖ ਜੱਜ ਐਮ.ਸੀ. ਤ੍ਰਿਪਾਠੀ ਅਤੇ ਜਸਟਿਸ ਅਦਵੈਤ ਸੇਠਨਾ ਦੀ ਬੈਂਚ ਅੱਗੇ ਨਿਰਮਾਤਾ ਕੰਪਨੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵੇਂਕਟੇਸ਼ ਧੋਂਡ ਨੇ ਦੱਸਿਆ ਕਿ ਠਾਣੇ ਜ਼ਿਲ੍ਹੇ ਵਿਚਲੀ ਉਤਪਾਦਨ ਇਕਾਈ ਤੋਂ ਵਿਕਰੀ ਰੋਕੇ ਜਾਣ ਕਾਰਨ ਕੰਪਨੀ ਨੂੰ 500 ਕਰੋੜ ਰੁਪਏ ਤੋਂ ਵੱਧ ਦਾ ਕਾਰਪੋਰੇਟ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਆਬਕਾਰੀ ਵਿਭਾਗ ਨੂੰ ਵੀ ਲਗਭਗ 350 ਕਰੋੜ ਰੁਪਏ ਦੇ ਮਾਲੀਏ (ਰੇਵੇਨਿਊ) ਦਾ ਘਾਟਾ ਪਿਆ ਹੈ। ਇਸ ਪਾਬੰਦੀ ਕਾਰਨ ਕੰਪਨੀ ਦੇ ਲਗਭਗ 300 ਕਰਮਚਾਰੀ ਵਿਹਲੇ ਬੈਠੇ ਹਨ। ਵਕੀਲ ਨੇ ਅਦਾਲਤ ਵਿੱਚ ਇਹ ਤਰਕ ਵੀ ਦਿੱਤਾ ਕਿ ਇਹ ਰੋਕ ਸਿਰਫ਼ ਮਹਾਰਾਸ਼ਟਰ ਵਿੱਚ ਹੀ ਲਗਾਈ ਗਈ ਹੈ, ਜਦਕਿ ਦੇਸ਼ ਦੇ ਹੋਰ ਰਾਜਾਂ ਵਿੱਚ ਇਸ ਦੀ ਵਿਕਰੀ ਸੁਚਾਰੂ ਢੰਗ ਨਾਲ ਚੱਲ ਰਹੀ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੀ ਪਟੀਸ਼ਨ 'ਚ ਨਿਕਲੀਆਂ 14 ਖਾਮੀਆਂ, SC ਵੱਲੋਂ ਫਿਲਹਾਲ ਸੁਣਵਾਈ ਤੋਂ ਇਨਕਾਰ
ਕੀ ਹੈ FSSAI ਦਾ ਮੁੱਖ ਇਤਰਾਜ਼?
FSSAI ਦਾ ਤਰਕ ਹੈ ਕਿ Old Monk ਵਿੱਚ ਨਿਊਟ੍ਰਲ ਸਪਿਰਿਟ ਦੇ ਨਾਲ ਉੱਪਰੋਂ 'ਰਮ ਫਲੇਵਰ' ਮਿਲਾਇਆ ਜਾਂਦਾ ਹੈ, ਜੋ ਮੂਲ ਸਪਿਰਿਟ ਦੀ ਕੁਦਰਤੀ ਬਣਾਵਟ ਨੂੰ ਢੱਕ ਲੈਂਦਾ ਹੈ। ਅਥਾਰਟੀ ਮੁਤਾਬਕ, ਅਜਿਹੇ ਫਲੇਵਰ ਜੋੜ ਕੇ ਮਿਆਰੀ ਰਮ ਦੇ ਨਾਂ ਹੇਠ ਵੇਚਣਾ ਖਪਤਕਾਰਾਂ ਨੂੰ ਭਰਮਾਉਣ ਵਾਲਾ ਹੈ, ਜਦੋਂ ਤੱਕ ਇਸ ਨੂੰ 'ਫਲੇਵਰਡ ਸਪਿਰਿਟ' ਜਾਂ 'Rum-like' ਨਾ ਲਿਖਿਆ ਜਾਵੇ। ਇਸ ਤੋਂ ਇਲਾਵਾ, FSSAI ਨੇ ਬੋਤਲ 'ਤੇ ਲਿਖੇ '7 Years Old Blended' ਅਤੇ 'Very Old Vatted' ਜਿਹੇ ਉਮਰ ਸਬੰਧੀ ਦਾਅਵਿਆਂ 'ਤੇ ਵੀ ਇਤਰਾਜ਼ ਜਤਾਇਆ ਹੈ।
ਕੰਪਨੀ ਦਾ ਪੱਖ ਅਤੇ ਹਾਈ ਕੋਰਟ ਦਾ ਰੁਖ਼
ਦੂਜੇ ਪਾਸੇ, ਨਿਰਮਾਤਾ ਕੰਪਨੀ ਦਾ ਕਹਿਣਾ ਹੈ ਕਿ ਖੁਰਾਕ ਸੁਰੱਖਿਆ ਨਿਯਮ ਪ੍ਰਵਾਨਿਤ ਐਡਿਟਿਵਜ਼ ਨਾਲ ਨਿਊਟ੍ਰਲ ਸਪਿਰਿਟ ਦੀ ਵਰਤੋਂ ਦੀ ਇਜਾਜ਼ਤ ਦਿੰਦੇ ਹਨ ਅਤੇ ਬਾਜ਼ਾਰ ਵਿੱਚ ਹੋਰ ਵਿਰੋਧੀ ਬ੍ਰਾਂਡ ਵੀ ਇਸੇ ਪ੍ਰਕਿਰਿਆ ਦੀ ਵਰਤੋਂ ਕਰਦੇ ਹਨ। ਬੰਬੇ ਹਾਈ ਕੋਰਟ ਨੇ ਫਿਲਹਾਲ ਵਿਕਰੀ ਦੀ ਪਾਬੰਦੀ 'ਤੇ ਕੋਈ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਮਾਮਲੇ ਦੀ ਅੰਤਿਮ ਸੁਣਵਾਈ ਲਈ 23 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
